ਪੱਤਰ ਪੇ੍ਰਰਕ, ਜਲੰਧਰ : ਬਾਠ ਕੈਸਲ ਤੋਂ ਬਰਾਮਦਗੀ ਦੇ ਮਾਮਲੇ ਵਿਚ ਵਿਜੀਲੈਂਸ ਟੀਮ ਵੱਲੋਂ ਫੜੇ ਗਏ ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਦੇ ਏਟੀਪੀ ਰਵੀ ਪੰਕਜ ਸ਼ਰਮਾ ਖ਼ਿਲਾਫ਼ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਵੀ ਜਾਂਚ ਖੋਲ੍ਹ ਦਿੱਤੀ ਹੈ। ਉਨ੍ਹਾਂ ਨੇ ਬਿਲਡਿੰਗ ਬ੍ਾਂਚ ਤੋਂ ਰਵੀ ਪੰਕਜ ਸ਼ਰਮਾ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ਨੋਟਿਸਾਂ ਦਾ ਰਿਕਾਰਡ ਮੰਗ ਲਿਆ ਹੈ। ਕਮਿਸ਼ਨਰ ਇਸ ਗੱਲ ਦੀ ਜਾਂਚ ਕਰਨਗੇ ਕਿ ਰਵੀ ਪੰਕਜ ਸ਼ਰਮਾ ਨੇ ਕਿਹੜੇ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਕੀ ਇਨ੍ਹਾਂ ਲੋਕਾਂ ਤੋਂ ਕਿਸੇ ਤਰ੍ਹਾਂ ਦੀ ਵਸੂਲੀ ਵੀ ਕੀਤੀ ਹੈ। ਨਗਰ ਨਿਗਮ ਕਮਿਸ਼ਨਰ ਪਿਛਲੇ 15 ਦਿਨਾਂ ਦੌਰਾਨ ਰਿਸ਼ਵਤਖੋਰੀ ਦੇ ਮਾਮਲੇ ਵਿਚ ਵਿਜੀਲੈਂਸ ਦੇ ਦੋ ਛਾਪਿਆਂ ਤੋਂ ਨਾਰਾਜ਼ ਹੈ ਅਤੇ ਬਿਲਡਿੰਗ ਸ਼ਾਖਾ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਪਿਛਲੇ 6 ਮਹੀਨਿਆਂ ਦੌਰਾਨ ਬਿਲਡਿੰਗ ਬ੍ਾਂਚ ਵਿਚ ਜੋ-ਜੋ ਏਟੀਪੀਜ਼ ਰਹੇ ਹਨ, ਉਨ੍ਹਾਂ ਸਾਰਿਆਂ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ਨੋਟਿਸਾਂ ਦੀ ਰਿਪੋਰਟ ਮੰਗ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਲਡਿੰਗ ਬ੍ਾਂਚ ਦੇ ਕਈ ਸਟਾਫ ਮੈਂਬਰਾਂ ਦੇ ਫਸਣ ਦਾ ਖਤਰਾ ਵੀ ਵਧ ਜਾਵੇਗਾ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਜੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ 'ਤੇ ਬਿਲਡਿੰਗ ਬ੍ਾਂਚ ਨੇ ਬਾਅਦ ਵਿਚ ਕੀ ਕਾਰਵਾਈ ਕੀਤੀ। ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਜਾਂ ਨਗਰ ਨਿਗਮ ਨੇ ਸਮਝੌਤੇ ਤਹਿਤ ਫੀਸ ਵਸੂਲ ਕੀਤੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਹ ਵੀ ਚਰਚਾ ਵਿਚ ਆ ਰਿਹਾ ਹੈ ਕਿ ਸਿਆਸਤਦਾਨਾਂ ਦੇ ਦਬਾਅ ਹੇਠ ਵਸੂਲੀ ਦਾ ਕੰਮ ਵੀ ਵੱਡਾ ਹੈ। ਨੋਟਿਸ ਲੋਕਾਂ ਨੂੰ ਡਰਾਉਣ ਲਈ ਹੀ ਜਾਰੀ ਕੀਤੇ ਗਏ। ਇਸ ਕਾਰਨ ਨਗਰ ਨਿਗਮ ਦੀ ਆਮਦਨ ਵਿਚ ਕੋਈ ਵਾਧਾ ਨਹੀਂ ਹੋਇਆ, ਜਦਕਿ ਸਾਰਾ ਪੈਸਾ ਨਿਗਮ ਅਧਿਕਾਰੀਆਂ ਤੇ ਸਿਆਸਤਦਾਨਾਂ ਦੀਆਂ ਜੇਬਾਂ ਵਿਚ ਚਲਾ ਗਿਆ।

ਦੱਸ ਦੇਈਏ ਕਿ 3 ਦਿਨ ਪਹਿਲਾਂ ਬਾਠ ਕੈਸਲ ਦੇ ਮਾਲਕ ਤੋਂ ਅੱਠ ਲੱਖ ਦੀ ਵਸੂਲੀ ਕਰਨ ਗਏ ਏਟੀਪੀ ਰਵੀ ਪੰਕਜ ਸ਼ਰਮਾ, ਭਾਜਪਾ ਮੈਂਬਰ ਅਰਵਿੰਦ ਮਿਸ਼ਰਾ ਅਤੇ ਸ਼ਿਵ ਸੈਨਾ ਆਗੂ ਕੁਨਾਲ ਕੋਹਲੀ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕੀਤਾ ਸੀ। ਫਿਲਹਾਲ ਇਹ ਸਾਰੇ ਵਿਜੀਲੈਂਸ ਬਿਊਰੋ ਮੁਹਾਲੀ ਦੀ ਹਿਰਾਸਤ ਵਿਚ ਹਨ ਅਤੇ ਅਦਾਲਤ ਨੇ ਇਨ੍ਹਾਂ ਦਾ 5 ਦਿਨ ਦਾ ਰਿਮਾਂਡ ਦਿੱਤਾ ਹੈ। ਇਸ ਤੋਂ ਪਹਿਲਾਂ ਰਾਮਾ ਮੰਡੀ ਵਿਚ ਨਕਸ਼ਾ ਪਾਸ ਕਰਵਾਉਣ ਲਈ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਏਟੀਪੀ ਸੁਖਵਿੰਦਰ ਵਿਜੀਲੈਂਸ ਦੀ ਟੀਮ ਦੇ ਹੱਥੇ ਚੜ੍ਹ ਚੁੱਕਾ ਹੈ, ਜਦਕਿ ਉਕਤ ਬਿਲਡਿੰਗ ਇੰਸਪੈਕਟਰ ਵਰੁਣ ਫਰਾਰ ਹੈ।