ਪੰਜਾਬੀ ਜਾਗਰਣ ਟੀਮ, ਨਕੋਦਰ : ਅੱਜ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਸੰਦੀਪ ਕੁਮਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਟੀਮ ਨੇ ਸਿਟੀ ਥਾਣੇ 'ਚ ਤਾਇਨਾਤ ਏਐੱਸਆਈ ਅਮੀਰ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈI ਕਾਬਲੇ ਜ਼ਿਕਰ ਹੈ ਕਿ ਕਲੱਬ ਦੇ ਪ੍ਰਧਾਨ ਗੌਰਵ ਨਾਗਰਾਜ ਵੱਲੋਂ ਪਹਿਲਾਂ ਵੀ ਸਿਟੀ ਥਾਣੇ ਦੇ ਇੱਕ ਏਐੱਸਆਈ ਨੂੰ ਇਕ ਰਿਕਸ਼ਾ ਚਾਲਕ ਕੋਲੋਂ ਰਿਸ਼ਵਤ ਲੈਂਦਿਆਂ ਵਿਜੀਲੈਂਸ ਟੀਮ ਨੂੰ ਰੰਗੇ ਹੱਥੀਂ ਫੜਾਇਆ ਗਿਆ ਸੀI

ਡੀਐੱਸਪੀ ਵਿਜੀਲੈਂਸ ਦਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ਰਕਪੁਰ ਵਾਸੀ ਪੂਜਾ ਗਿੱਲ ਵੱਲੋਂ ਆਪਣੇ ਪਤੀ, ਸੱਸ ਤੇ ਦਿਓਰ ਖਿਲਾਫ਼ ਦਾਜ ਮੰਗਣ ਤੇ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਜਾਂਚ ਅਧਿਕਾਰੀ ਸਿਟੀ ਥਾਣੇ 'ਚ ਤਾਇਨਾਤ ਅਮੀਰ ਸਿੰਘ ਏਐੱਸਆਈ ਸਨI

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਕੁਮਾਰ ਮੁਤਾਬਿਕ ਏਐੱਸਆਈ ਅਮੀਰ ਸਿੰਘ ਵੱਲੋਂ ਲੜਕੀ ਨੂੰ ਉਸ ਦੇ ਸਹੁਰੇ ਘਰ ਭੇਜਣ ਦੇ ਏਵਜ਼ 'ਚ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜੋ ਕਿ ਅੱਜ ਦੇਣੇ ਤੈਅ ਹੋਏ ਸਨI ਉਨ੍ਹਾਂ ਦੱਸਿਆ ਕਿ ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਸੰਦੀਪ ਕੁਮਾਰ ਕੋਲੋਂ ਏਐਸਆਈ ਅਮੀਰ ਸਿੰਘ ਵੱਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈI

Posted By: Amita Verma