ਜਾਗਰਣ ਸੰਵਾਦਦਾਤਾ, ਜਲੰਧਰ : ਤਿਲਕ ਨਗਰ ਇਲਾਕੇ 'ਚੋਂ ਇਕ ਮਹਿਲਾ 'ਤੇ ਬੱਚੀ ਨੂੰ ਵੇਚਣ ਦਾ ਦੋਸ਼ ਲਾ ਕੇ ਉਸ ਨੂੰ ਭਾਰਗੋ ਕੈਂਪ ਥਾਣਾ ਪੁਲਿਸ ਵੱਲੋਂ ਗਿ੍ਫ਼ਤਾਰ ਕਰਨ ਤੇ 24 ਦਿਨਾਂ ਦੀ ਮਾਸੂਮ ਬੱਚੀ ਨੂੰ ਯੂਨਿਕ ਹੋਮ ਭੇਜਣ ਦੇ ਮਾਮਲੇ 'ਚ ਸੋਮਵਾਰ ਨੂੰ ਪਰਿਵਾਰਕ ਮੈਂਬਰ ਡੀਸੀ ਘਨਸ਼ਿਆਮ ਥੋਰੀ ਤੇ ਏਡੀਸੀ ਜਨਰਲ ਮੇਜਰ ਅਮਿਤ ਸਰੀਨ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਅਸਲੀਅਤ ਬਾਰੇ ਦੱਸਿਆ ਜਿਸ 'ਚ ਭਾਰਗੋ ਕੈਂਪ ਪੁਲਿਸ ਵੱਲੋਂ ਬਿਨਾਂ ਅੌਰਤ ਪੁਲਿਸ ਦੇ ਅੌਰਤਾਂ ਨਾਲ ਕੁੱਟਮਾਰ ਕਰਨ ਤੇ ਬੱਚੀ ਦੇ ਜਨਮ ਸਬੰਧੀ ਸਾਰੇ ਦਸਤਾਵੇਜ਼ ਉਨ੍ਹਾਂ ਕੋਲ ਹੋਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਬੱਚੀ ਦੇ ਮਾਮੇ ਮਨਮਿੰਦਰ ਸਿੰਘ ਨੇ ਕਿਹਾ ਕਿ ਬਿਨਾਂ ਕਿਸੇ ਸ਼ਿਕਾਇਤ ਦੇ ਉਨ੍ਹਾਂ ਦੀ ਭੈਣ ਪ੍ਰਵੀਨ ਦੀ ਮਾਸੂਮ ਬੱਚੀ ਨੂੰ ਪੁਲਿਸ ਲੈ ਗਈ ਸੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦੀ ਪਤਨੀ ਵੰਦਨਾ ਤੇ ਧੀ ਦੇਵਿਕਾ ਨਾਲ ਵੀ ਕੁੱਟਮਾਰ ਕੀਤੀ। ਇਸ ਨਾਲ ਮੁਹੱਲੇ 'ਚ ਅਕਸ ਨੂੰ ਢਾਹ ਲੱਗੀ ਹੈ। ਜਦਕਿ ਤਰਨਤਾਰਨ 'ਚ ਵਿਆਹੀ ਉਨ੍ਹਾਂ ਦੀ ਭੈਣ ਪ੍ਰਵੀਨ ਨੂੰ ਉਹ ਗਰਭਵਤੀ ਹੋਣ 'ਤੇ ਸ਼ਹਿਰ ਲੈ ਆਏ ਸਨ। ਇਥੇ ਸਿਵਲ ਹਸਪਤਾਲ 'ਚ ਉਸ ਦੀ ਡਿਲਵਰੀ ਵੀ ਹੋਈ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਪਰਿਵਾਰ 'ਤੇ ਬੱਚੀ ਵੇਚਣ 'ਚ ਫਿਰਾਕ ਹੋਣ ਦਾ ਦੋਸ਼ ਲਾ ਕੇ ਇਹ ਕਾਰਵਾਈ ਕੀਤੀ ਹੈ। ਇਸ 'ਤੇ ਡੀਸੀ ਘਨਸ਼ਿਆਮ ਥੋਰੀ ਤੇ ਏਡੀਸੀ ਮੇਜਰ ਅਮਿਤ ਸਰੀਨ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ।