ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸਹਿਕਾਰੀ ਖੰਡ ਮਿੱਲ ਭੋਗਪੁਰ ਦੇ 67ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾ ਬਲਾਕ ਕਾਂਗਰਸ ਕਮੇਟੀ ਭੋਗਪੁਰ ਦੇ ਪ੍ਰਧਾਨ ਤੇ ਬੋਰਡ ਆਫ਼ ਡਾਇਰੈਕਟਰਜ ਦੇ ਉੱਪ ਚੇਅਰਮੈਨ ਪਰਮਿੰਦਰ ਸਿੰਘ ਮੱਲੀ ਨੇ ਮਿੱਲ ਦੇ ਚੇਅਰਮੈਨ ਪਰਮਵੀਰ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਮੋਰਚਾ ਖੋਲ੍ਹਦਿਆਂ ਪਿੜਾਈ ਸੀਜ਼ਨ ਦੇ ਉਦਘਾਟਨ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਬਾਈਕਾਟ ਦੀ ਖੰਡ ਮਿੱਲ ਦੇ ਡਾਇਰੈਕਟਰ ਪਰਮਜੀਤ ਸਿੰਘ ਕਾਲੂਵਾਹਰ, ਡਾਇਰੈਕਟਰ ਗਰਦਾਵਰ ਰਾਮ ਕਿੰਗਰਾ ਚੋ ਵਾਲਾ ਨੇ ਪਰਮਿੰਦਰ ਸਿੰਘ ਮੱਲੀ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪ੍ਰਰੈੱਸ ਕਾਨਫਰੰਸ ਕਰਦਿਆਂ ਉੱਪ ਚੇਅਰਮੈਨ ਪਰਮਿੰਦਰ ਸਿੰਘ ਮੱਲੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਬਿਨਾਂ ਮੁਕਾਬਲੇ ਚੁਣਿਆ ਗਿਆ ਡਾਇਰੈਕਟਰਜ਼ ਦਾ ਬੋਰਡ ਨਿਰੋਲ ਕਾਂਗਰਸੀ ਬੋਰਡ ਹੈ, ਜਦਕਿ ਹੁਣ ਸੂਬੇ ਅੰਦਰ ਸੱਤਾ ਤਬਦੀਲੀ ਹੋਣ ਉਪਰੰਤ ਚੇਅਰਮੈਨ ਪਰਮਵੀਰ ਸਿੰਘ ਨੇ ਪਿੜਾਈ ਸੀਜ਼ਨ ਲਈ ਹਲਕਾ ਆਦਮਪੁਰ ਤੋਂ ਚੁਣੇ ਹੋਏ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਸੱਦਾ ਪੱਤਰ ਦੇਣ ਦੀ ਬਜਾਏ ਬਾਹਰਲੇ ਹਲਕਿਆਂ ਦੇ ਵਿਧਾਇਕਾਂ ਨੂੰ ਤਰਜੀਹ ਦਿੱਤੀ ਹੈ ਜਿਸ ਦਾ ਉਨ੍ਹਾਂ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ। ਨਾਲ ਹੀ ਪਰਮਿੰਦਰ ਮੱਲੀ ਨੇ ਕਿਹਾ ਕਿ ਬਿਨਾਂ ਟਰਬਾਈਨ ਤੋਂ ਖੰਡ ਮਿੱਲ ਦੇ ਪਿੜਾਈ ਸੀਜ਼ਨ ਨੂੰ ਬਿਜਲੀ ਨਾਲ ਲਗਾਤਾਰ ਚਲਾਉਣਾ ਸੰਭਵ ਨਹੀ ਹੈ, ਜਦਕਿ ਇਸ ਲਈ ਵੀ ਚੇਅਰਮੈਨ ਪਰਮਵੀਰ ਸਿੰਘ ਨੇ ਗੰਨਾ ਕਾਸ਼ਤਕਾਰਾਂ ਤੇ ਸਮੁੱਚੇ ਬੋਰਡ ਨੂੰ ਧੋਖੇ ਵਿੱਚ ਰੱਖਿਆ ਗਿਆ ਤੇ ਮਿੱਲ ਮੈਨਜਮੈਂਟ ਨਾਲ ਮਿਲ ਕੇ ਮਿੱਲ ਖਿਲਾਫ਼ ਫੈਸਲੇ ਲਏ ਗਏ ਹਨ ਜਿਸ ਕਰ ਕੇ ਅੱਜ ਖੰਡ ਮਿੱਲ ਦੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ। ਗੰਨਾ ਪਿੜਾਈ ਲਈ ਸਿਰਫ 40 ਟਰਾਲੀਆਂ ਹਨ ਮੌਜੂਦ, ਕਿਸਾਨ ਮਿੱਲ ਚੱਲਣ ਦੀ ਕਰ ਰਹੇ ਨੇ ਉਡੀਕ ਉੱਪ ਚੇਅਰਮੈਨ ਪਰਮਿੰਦਰ ਸਿੰਘ ਮੱਲੀ ਨੇ ਪ੍ਰਰੈੱਸ ਕਾਨਫਰੰਸ ਕਰਦਿਆਂ ਚੇਅਰਮੈਨ ਪਰਮਵੀਰ ਸਿੰਘ, ਮਿੱਲ ਮੈਨਜਮੈਂਟ ਤੇ ਸਵਾਲ ਚੁੱਕਦਿਆਂ ਕਿਹਾ ਕਿ ਪਿੜਾਈ ਸੀਜ਼ਨ ਨੂੰ ਸ਼ੁਰੂ ਕਰਨ ਲਈ 800 ਪਰਚੀਆਂ ਦੀ ਵੰਡ ਗੰਨਾ ਕਾਸ਼ਤਕਾਰਾਂ ਵਿੱਚ ਕੀਤੀ ਗਈ ਸੀ ਜਿਸ ਵਿਚੋਂ ਸਿਰਫ 40 ਦੇ ਕਰੀਬ ਗੰਨਾ ਕਾਸ਼ਤਕਾਰ ਗੰਨਾ ਲੈ ਕੇ ਮਿੱਲ ਪੁੱਜੇ ਹਨ, ਜਿਸ ਨਾਲ ਸਿਰਫ 8 ਘੰਟੇ ਮਿੱਲ ਨੂੰ ਚਲਾਇਆ ਜਾ ਸਕਦਾ ਹੈ। ਪਰਮਿੰਦਰ ਮੱਲੀ ਨੇ ਕਿਹਾ ਕਿ ਗੰਨਾ ਕਾਸ਼ਤਕਾਰ ਬਿਜਲੀ ਉੱਪਰ ਖੰਡ ਮਿੱਲ ਸ਼ੁਰੂ ਹੋਣ ਨੂੰ ਲੈ ਕੇ ਸ਼ਸ਼ੋਪੰਜ 'ਚ ਹਨ ਤੇ ਕਿਸਾਨ ਮਿੱਲ ਚੱਲਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਪਰਮਵੀਰ ਸਿੰਘ ਨੂੰ ਖੁਦ ਮਿੱਲ ਨਾ ਚੱਲਣ ਉੱਪਰ ਭਰੋਸਾ ਨਹੀਂ ਸੀ ਤੇ ਗੰਨਾ ਕਾਸ਼ਤਕਾਰਾਂ ਨੂੰ ਭਰੋਸੇ ਵਿੱਚ ਲੈਣ ਲਈ ਆਪਣਾ ਬਾਂਡ 11 ਨਵੰਬਰ ਨੂੰ ਕਰਵਾਇਆ ਗਿਆ।

---

ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ : ਪਰਮਵੀਰ ਸਿੰਘ

ਇਸ ਸਬੰਧੀ ਜਦੋਂ ਚੇਅਰਮੈਨ ਪਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਉੱਪ ਚੇਅਰਮੈਨ ਪਰਮਿੰਦਰ ਸਿੰਘ ਮੱਲੀ ਹਰ ਫੈਸਲੇ ਵਿੱਚ ਨਾਲ ਸੀ ਤੇ ਉਸ ਵੱਲੋ ਲਾਏ ਸਾਰੇ ਦੋਸ਼ ਬੇਬੁਨਿਆਦ ਤੇ ਝੂਠੇ ਹਨ। ਚੇਅਰਮੈਨ ਪਰਮਵੀਰ ਸਿੰਘ ਨੇ ਕਿਹਾ ਕਿ ਉੱਪ ਚੇਅਰਮੈਨ ਤੇ ਸਾਥੀ ਡਾਇਰੈਕਟਰ ਸਿਰਫ ਆਪਣੀ ਸਿਆਸਤ ਚਮਕਾਉਣ ਲਈ ਮਿੱਲ ਤੇ ਕਿਸਾਨਾਂ ਖਿਲਾਫ਼ ਅਜਿਹੀ ਘਟੀਆ ਬਿਆਨਬਾਜ਼ੀ ਕਰ ਰਹੇ ਹਨ।