ਰਾਕੇਸ਼ ਗਾਂਧੀ, ਜਲੰਧਰ : ਜਲੰਧਰ ਦਾ ਗਾਂਧੀ ਵਨੀਤਾ ਆਸ਼ਰਮ ਫੇਰ ਵਿਵਾਦਾਂ ਦੇ ਘੇਰੇ 'ਚ ਹੈ। ਆਸ਼ਰਮ 'ਚ ਹੁਣ ਤਕ ਕਈ ਅਜਿਹੇ ਕਾਂਡ ਵਾਪਰ ਚੱੁਕੇ ਹਨ ਕਿ ਜਲੰਧਰ ਦੇ ਸਿਵਲ ਪ੍ਸ਼ਾਸਨ ਤੋਂ ਲੈ ਕੇ ਸਮਾਜਿਕ ਸੁਰੱਖਿਆ ਮਹਿਕਮੇ ਦੇ ਡਾਇਰੈਕਟਰ ਕੋਲ ਵੀ ਸ਼ਿਕਾਇਤਾਂ ਪੁੱਜ ਚੁੱਕੀਆਂ ਹਨ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਆਸ਼ਰਮ ਦੀ ਮਹਿਲਾ ਸੁਪਰਡੈਂਟ ਸਮੇਤ ਕਿਸੇ ਹੋਰ ਅਧਿਕਾਰੀ ਤੋਂ ਰਸਮੀ ਪੁੱਛਗਿੱਛ ਹੀ ਕੀਤੀ ਗਈ ਹੈ।

ਜਦੋਂ ਬਸਤੀ ਗੁਜਾਂ ਸਥਿਤ ਸਟੇਟ ਪ੍ੋਟੈਕਟਿਵ ਹੋਮ 'ਚ ਆਸਾਮ ਦੀ ਰਹਿਣ ਵਾਲੀ ਐਲੀਨਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਸੀ ਤਾਂ ਉਸ ਵੇਲੇ ਸਟੇਟ ਪ੍ੋਟੈਕਟਿਵ ਹੋਮ ਤੇ ਆਸ਼ਰਮ ਦਾ ਸਾਰਾ ਸਟਾਫ, ਸਟੇਟ ਪ੍ੋਟੈਕਟਿਵ ਹੋਮ ਦੇ ਕੁੱਕ ਨੂੰ ਛੱਡ ਕੇ ਦੋਹਾਂ ਹੀ ਸੰਸਥਾਵਾਂ ਦੀ ਸੁਪਰਡੈਂਟ ਦੇ ਲੜਕੇ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੀ ਜਦ ਉਨ੍ਹਾਂ ਨੂੰ ਐਲੀਨਾ ਬਾਰੇ ਇਤਲਾਹ ਮਿਲੀ ਤਾਂ ਸਾਰਾ ਹੀ ਸਟਾਫ ਤੁਰੰਤ ਵਾਪਸ ਆ ਗਿਆ ਤੇ ਰਜਿਸਟਰ 'ਤੇ ਹਾਜ਼ਰੀਆਂ ਲਗਾ ਕੇ ਮੌਜੂਦਗੀ ਦਿਖਾਉਣ ਦਾ ਅਮਲ ਪੂਰਾ ਕੀਤਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।

ਸਟਾਫ ਨੇ ਪੁਲਿਸ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਐਲੀਨਾ ਮਾਨਸਿਕ ਤੌਰ 'ਤੇ ਬਿਮਾਰ ਸੀ ਤੇ ਉਸ ਵੱਲੋਂ ਫਾਹਾ ਲੈ ਕੇ ਮੌਤ ਨੂੰ ਗਲੇ ਦੀ ਕੀਤੀ ਗਈ ਹਰਕਤ ਦਿਮਾਗੀ ਪਰੇਸ਼ਾਨੀ ਦਾ ਨਤੀਜਾ ਹੋ ਸਕਦੀ ਹੈ ਪਰ ਇਥੇ ਸਵਾਲ ਇਹ ਉੱਠਦਾ ਹੈ ਕਿ ਜੇ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ ਤਾਂ ਗਾਂਧੀ ਵਨੀਤਾ ਆਸ਼ਰਮ ਦੀ ਸੁਪਰਡੈਂਟ ਨੇ ਉਸ ਨੂੰ ਅੰਮਿ੍ਤਸਰ ਦੇ ਮਾਨਸਿਕ ਰੋਗੀਆਂ ਦੇ ਹਸਪਤਾਲ 'ਚ ਇਲਾਜ ਲਈ ਕਿਉਂ ਨਹੀਂ ਭੇਜਿਆ, ਜਦਕਿ ਆਸ਼ਰਮ ਦੀਆਂ ਤਿੰਨ ਕੁੜੀਆਂ ਦਾ ਪਹਿਲਾਂ ਹੀ ਉਥੋਂ ਇਲਾਜ ਚੱਲ ਰਿਹਾ ਹੈ।ਇਸ ਘਟਨਾ 'ਚ ਆਸ਼ਰਮ ਦੀ ਸੁਪਰਡੈਂਟ ਦੀ ਕਾਰਗੁਜ਼ਾਰੀ ਸ਼ੱਕੀ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਰਮ ਦੇ ਕੁਝ ਮੁਲਾਜ਼ਮ ਵੀ ਵਗਦੀ ਗੰਗਾ 'ਚ ਹੱਥ ਧੋ ਰਹੇ ਹਨ। ਸੂਤਰਾਂ ਮੁਤਾਬਕ ਅੱਧੀ ਰਾਤ ਵੇਲੇ ਆਸ਼ਰਮ 'ਚ ਰਹਿ ਰਹੀਆਂ ਕੁੜੀਆਂ ਨੂੰ ਮਿਲਣ ਲਈ ਉਨ੍ਹਾਂ ਦੇ ਪੁਰਸ਼ ਮਿੱਤਰ ਆਉਂਦੇ ਹਨ ਤੇ ਇਹ ਵੀ ਪਤਾ ਲੱਗਾ ਹੈ ਕਿ ਇਸ ਕੰਮ ਲਈ ਇਕ ਤੋਂ ਦੋ ਹਜ਼ਾਰ ਰੁਪਏ ਦੀ ਉਗਰਾਹੀ ਵੀ ਕੀਤੀ ਜਾਂਦੀ ਹੈ, ਜਿਹੜੀ ਸਟਾਫ 'ਚ ਵੰਡੀ ਜਾਂਦੀ ਹੈ।

ਜਿਥੋਂ ਤਕ ਆਸ਼ਰਮ 'ਚ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਗੱਲ ਹੈ, ਉਹ ਸਿਰਫ ਦਿਖਾਵਾ ਹੀ ਹੈ। ਕੈਮਰੇ ਇਸ ਢੰਗ ਨਾਲ ਲਾਏ ਗਏ ਹਨ ਕਿ ਆਸ਼ਰਮ 'ਚ ਰਾਤ ਵੇਲੇ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਦਾ ਚਿਹਰਾ ਹੀ ਉਨ੍ਹਾਂ 'ਚ ਕੈਦ ਨਹੀਂ ਹੋ ਸਕਦਾ।

ਜਲੰਧਰ ਦੇ ਵਧੀਕ ਕਮਿਸ਼ਨਰ (ਜਨਰਲ) ਜਤਿੰਦਰ ਜੋਰਵਾਲ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਮਹੀਨਾ ਪਹਿਲਾਂ ਇਕ ਟੈਲੀਫੋਨ ਆਇਆ ਸੀ ਕਿ ਆਸ਼ਰਮ 'ਚ ਕੁਝ ਮੁੰਡਿਆਂ ਨੂੰ ਅੰਦਰ ਜਾਂਦਿਆਂ ਵੇਖਿਆ ਗਿਆ ਹੈ। ਉਨ੍ਹਾਂ ਐੱਸਡੀਐੱਮ ਸੰਜੀਵ ਕੁਮਾਰ ਦੀ ਡਿਊਟੀ ਲਾਈ ਸੀ ਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਸੀ। ਐੱਸਡੀਐੱਮ ਨੇ ਤੁਰੰਤ ਇਸ ਬਾਰੇ ਜਦੋਂ ਆਸ਼ਰਮ ਦੀ ਸੁਪਰਡੈਂਟ ਨਾਲ ਗੱਲਬਾਤ ਕੀਤੀ ਤਾਂ ਗੱਲ ਬਿਨਾਂ ਜਾਂਚ ਕੀਤੇ ਹੀ ਰਫ਼ਾ-ਦਫ਼ਾ ਹੋ ਗਈ।ਸੋਮਵਾਰ ਰਾਤ ਗਾਂਧੀ ਵਨੀਤਾ ਆਸ਼ਰਮ ਤੇ ਸਟੇਟ ਪ੍ੋਟੈਕਟਿਵ ਹੋਮ ਦੇ ਸਟਾਫ ਦੀ ਗ਼ੈਰ-ਮੌਜੂਦਗੀ ਦੇ ਮਾਮਲੇ ਦੀ ਜਾਂਚ ਲਈ ਐੱਸਡੀਐੱਮ ਦੀ ਡਿਊਟੀ ਲਾਈ ਜਾਵੇਗੀ ਤਾਂ ਜੋ ਇਸ ਮਾਮਲੇ 'ਚ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ।