ਮਨਜੀਤ ਸ਼ੇਮਾਰੂ, ਜਲੰਧਰ

ਕੋਰੋਨਾ ਨੂੰ ਹਰਾਉਣ ਲਈ ਵੈਕਸੀਨ ਲਾਉਣ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਸਿਹਤ ਵਿਭਾਗ ਵੱਲੋਂ ਦੇਰ ਰਾਤ ਵੈਕਸੀਨ ਦਾ ਸਟਾਕ ਮਿਲਣ ਤੋਂ ਬਾਅਦ ਵੀਰਵਾਰ ਨੂੰ ਜ਼ਿਲ੍ਹੇ ਦੇ ਸੈਂਟਰਾਂ ਵਿਚ ਵੈਕਸੀਨ ਲਗਾਉਣ ਲਈ 100 ਤੋਂ ਵੱਧ ਕੈਂਪ ਲਾਏ ਜਾਣਗੇ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 228 ਲੋਕਾਂ ਨੂੰ ਵੈਕਸੀਨ ਲਾਈ ਗਈ।

ਬੁੱਧਵਾਰ ਨੂੰ ਲੋਕ ਵੈਕਸੀਨ ਲਗਵਾਉਣ ਲਈ ਸਵੇਰ ਤੋਂ ਹੀ ਮੀਂਹ 'ਚ ਸੈਂਟਰਾਂ 'ਤੇ ਪੁੱਜਣੇ ਸ਼ੁਰੂ ਹੋ ਗਏ। ਸੈਂਟਰਾਂ ਨੂੰ ਲੱਗੇ ਤਾਲੇ ਵੇਖ ਕੇ ਉਸ ਨੂੰ ਨਿਰਾਸ਼ ਪਰਤਣਾ ਪਿਆ। ਸਰਕਾਰੀ ਸਿਹਤ ਕੇਂਦਰ ਦਾਦਾ ਕਲੋਨੀ ਵਿਖੇ ਵੈਕਸੀਨ ਲਗਵਾਉਣ ਪੁੱਜੇ ਤਾਰਾ ਚੰਦ ਨੇ ਦੱਸਿਆ ਕਿ ਉਸ ਨੂੰ ਦੂਜੀ ਡੋਜ਼ ਲਈ ਇਕ ਹਫ਼ਤਾ ਪਹਿਲਾਂ ਐੱਸਐੱਮਐੱਸ ਆਇਆ ਸੀ। ਤਿੰਨ ਵਾਰ ਚੱਕਰ ਲਾ ਚੁੱਕੇ ਹਨ ਅਤੇ ਵੈਕਸੀਨ ਨਾ ਹੋਣ ਕਾਰਨ ਨਿਰਾਸ਼ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਆਬਾਦੀ ਦੇ ਆਧਾਰ 'ਤੇ ਵਿਭਾਗ ਨੂੰ ਪਹਿਲੀ ਤੇ ਦੂਜੀ ਡੋਜ਼ ਲਗਵਾਉਣ ਵਾਲੇ ਲੋਕਾਂ ਦੇ ਆਧਾਰ 'ਤੇ ਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹੇ ਨੂੰ 24 ਹਜ਼ਾਰ ਕੋਵੀਸ਼ੀਲਡ ਤੇ ਤਿੰਨ ਹਜ਼ਾਰ ਕੋਵੈਕਸੀਨ ਡੋਜ਼ ਦੇਣ ਲਈ ਕਿਹਾ ਹੈ। ਡੋਜ਼ ਬੁੱਧਵਾਰ ਦੇਰ ਰਾਤ ਤਕ ਸਟੋਰ 'ਤੇ ਪੁੱਜ ਜਾਵੇਗੀ। ਸਵੇਰੇ ਸੈਂਟਰਾਂ ਦੀਆਂ ਟੀਮਾਂ ਨੂੰ ਵੰਡੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਲਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਬੁੱਧਵਾਰ ਨੂੰ ਜ਼ਿਲੇ੍ਹ ਵਿਚ 228 ਲੋਕਾਂ ਨੂੰ ਵੈਕਸੀਨ ਲਾਈ ਗਈ।

--

ਤਿੰਨ ਅੌਰਤਾਂ ਸਮੇਤ ਪੰਜ ਕੋਰੋਨਾ ਪਾਜ਼ੇਟਿਵ

ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਘਟਣ ਤੋਂ ਬਾਅਦ ਸਥਿਤੀ ਆਮ ਵਾਂਗ ਪਰਤਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਥੋੜ੍ਹੀ ਜਿਹੀ ਲਾਪਰਵਾਹੀ ਫਿਰ ਕੋਰੋਨਾ ਨੂੰ ਸੱਦਾ ਦੇ ਸਕਦੀ ਹੈ। ਬੁੱਧਵਾਰ ਨੂੰ ਤਿੰਨ ਅੌਰਤਾਂ ਸਣੇ ਪੰਜ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਉਥੇ ਹੀ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਨੰਬਰ ਚਾਰ ਦਾ ਇਕ ਮੁਲਾਜ਼ਮ, ਪਿੰਡ ਵਰਿਆਣਾ, ਕਾਹਨਪੁਰ ਢੱਡੇ, ਸ਼ਾਹਕੋਟ ਤੇ ਅਲੀ ਮੁਹੱਲੇ ਦਾ ਇਕ-ਇਕ ਕਾਰੋਨਾ ਪਾਜ਼ੇਟਿਵ ਰਿਪੋਰਟ ਕੀਤਾ ਗਿਆ।

--

ਵਧੀਆ ਪ੍ਰਦਰਸ਼ਨ ਕਰਨ ਵਾਲੇ 88 ਮੁਲਾਜ਼ਮ ਸਨਮਾਨਿਤ

ਜਲੰਧਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਕੋਵਿਡ -19 ਮਹਾਮਾਰੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਡਾਟਾ ਸੈੱਲ ਦੇ 88 ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਚਾਹੇ ਕੰਟੈਕਟ ਟੇ੍ਸਿੰਗ, ਨਮੂਨੇ ਲੈਣ, ਟੀਕਾਕਰਨ ਜਾਂ ਕੋਈ ਹੋਰ ਕੰਮ ਹੋਵੇ, ਹਰ ਮੁਲਾਜ਼ਮ ਨੇ ਮਹਾਮਾਰੀ ਦੌਰਾਨ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਹਨ। ਇਨ੍ਹਾਂ ਕੋਰੋਨਾ ਯੋਧਿਆਂ ਦੇ ਯਤਨਾਂ ਸਦਕਾ ਜ਼ਿਲ੍ਹਾ ਦੂਜੀ ਲਹਿਰ ਨੂੰ ਪਾਰ ਕਰ ਸਕਿਆ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਜੋਸ਼ ਤੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਮੁਲਾਜ਼ਮ ਮਨੁੱਖਤਾ ਦੀ ਸੇਵਾ ਨੂੰ ਯਕੀਨੀ ਬਣਾਉਣ ਲਈ ਵਧੀਆ ਪ੍ਰਦਰਸ਼ਨ ਕਰਦੇ ਰਹਿਣਗੇ। ਡਿਪਟੀ ਕਮਿਸ਼ਨਰ ਵੱਲੋਂ ਆਉਣ ਵਾਲੇ ਦਿਨਾਂ ਵਿਚ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ ਜਾਵੇਗਾ।