ਰਾਕੇਸ਼ ਗਾਂਧੀ ਜਲੰਧਰ : ਅਰਬਨ ਅਸਟੇਟ ਵਿਚ ਪੈਂਦੇ ਸਕੂਲ ਦਾ ਇੱਕ ਬੱਚਾ ਜੋ ਦੋ ਦਿਨ ਪਹਿਲਾਂ ਸਕੂਲ ਵਿੱਚੋਂ ਪੇਪਰ ਦੇਣ ਤੋਂ ਬਾਅਦ ਘਰ ਨਹੀਂ ਪਰਤਿਆ ਸੀ ਬੀਤੇ ਦਿਨੀਂ ਰੇਲ ਗੱਡੀ 'ਚ ਇਕ ਵਿਅਕਤੀ ਨੂੰ ਮਿਲਿਆ ਤਾਂ ਉਸ ਨੇ ਇਸ ਦੀ ਸੂਚਨਾ ਕੱਟੜਾ ਰੇਲਵੇ ਸਟੇਸ਼ਨ ਤੇ ਪੁਲਿਸ ਨੂੰ ਦਿੱਤੀ। ਕੱਟੜਾ ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਚੱਲੀਆਂ ਖਬਰਾਂ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸੱਤ ਦੀ ਪੁਲਿਸ ਨੂੰ ਦਿੱਤੀ ਜੋ ਪਰਿਵਾਰ ਵਾਲਿਆਂ ਨਾਲ ਮੌਕੇ 'ਤੇ ਪੁੱਜੀ ਤੇ ਬੱਚੇ ਨੂੰ ਜਲੰਧਰ ਲਿਆ ਕੇ ਪਰਿਵਾਰ ਹਵਾਲੇ ਕਰ ਦਿੱਤਾ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ 28 ਸਤੰਬਰ ਨੂੰ ਉਨ੍ਹਾਂ ਨੂੰ ਸਰੋਜ ਚੌਧਰੀ ਵਾਸੀ ਅਰਬਨ ਅਸਟੇਟ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤਰ ਰਾਜ ਵਰਧਨ ਜੋ ਕਿ ਘਰੋਂ ਸਕੂਲ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਉਨ੍ਹਾਂ ਨੂੰ ਸ਼ੱਕ ਸੀ ਕਿ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।