ਮਹਿੰਦਰ ਰਾਮ ਫੁਗਲਾਣਾ, ਜਲੰਧਰ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ 'ਚ ਸ਼ਾਮਲ ਪੰਜ ਮਜ਼ਦੂਰ ਜਥੇਬੰਦੀਆਂ ਨੇ ਗੜਾ ਦਫਤਰ ਵਿਖੇ ਸਾਂਝੇ ਸੰਘਰਸ਼ ਦਾ ਐਲਾਨ ਕਰਦਿਆਂ ਆਉਂਦੇ ਦਿਨਾਂ 'ਚ ਮਜ਼ਦੂਰ ਮੰਗਾਂ 'ਤੇ ਸੰਘਰਸ਼ ਭਖਾਉਣ ਦਾ ਐਲਾਨ ਕੀਤਾ ਹੈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਦਫਤਰ ਵਿਖੇ, ਸਭਾ ਦੇ ਸੂਬਾਈ ਜੁਆਇੰਟ ਸਕੱਤਰ ਬਲਦੇਵ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਪ੍ਰਰੈੱਸ ਨੂੰ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਭਾਵੇਂ ਮਜ਼ਦੂਰ ਜਥੇਬੰਦੀਆਂ ਲੋਕ ਵਿਰੋਧੀ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਦੇ ਨਾਲ ਲਗਾਤਾਰ ਸੰਘਰਸ਼ ਦੇ ਮੈਦਾਨ 'ਚ ਹਨ ਪਰ ਹੁਣ ਕੇਂਦਰੀ ਸਰਕਾਰ ਦੇ ਨਾਲ ਨਾਲ ਮਜ਼ਦੂਰਾਂ ਦੀਆਂ ਮੰਗਾਂ ਲਈ ਪੰਜਾਬ ਸਰਕਾਰ ਖ਼ਿਲਾਫ਼ ਵੀ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਮਜ਼ਦੂਰ ਆਗੂ ਨੇ ਦੱਸਿਆ ਕਿ ਤਿੰਨੇ ਖੇਤੀ ਕਾਨੂੰਨਾਂ, ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਅਤੇ ਬਿਜਲੀ ਸੋਧ ਬਿੱਲ 2020 ਦੀ ਵਾਪਸੀ ਸਮੇਤ ਕਈ ਹੋਰਾਂ ਮੰਗਾਂ 'ਤੇ ਸਾਰੇ ਜ਼ਿਲ੍ਹਾ ਦਫਤਰਾਂ ਅੱਗੇ 17 ਤੋਂ 20 ਮਈ ਤਕ ਧਰਨੇ ਦਿੱਤੇ ਜਾਣਗੇ। ਪਹਿਲੀ ਮਈ ਨੂੰ ਸਾਂਝੇ ਮੋਰਚੇ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜਾ ਵੀ ਸਾਂਝੇ ਤੌਰ 'ਤੇ ਮਨਾਇਆ ਜਾਵੇਗਾ।

ਇਸ ਮੌਕੇ ਖੇਤ ਮਜ਼ਦੂਰ ਸਭਾ ਪੰਜਾਬ ਵੱਲੋਂ ਸਾਥੀ ਗੁਲਜ਼ਾਰ ਗੋਰੀਆਂ, ਦੇਵੀ ਕੁਮਾਰੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਵੱਲੋਂ ਭਗਵੰਤ ਸਮਾਉਂ, ਦਿਹਾਤੀ ਮਜ਼ਦੂਰ ਸਭਾ ਵੱਲੋਂ ਦਰਸ਼ਨ ਨਾਹਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕਸ਼ਮੀਰ ਸਿੰਘ ਘੁਗਸ਼ੋਰ ਸ਼ਾਮਲ ਹੋਏ।