ਗੁਰਮੀਤ ਸਿੰਘ, ਜਲੰਧਰ : ਥਾਣਾ ਭਾਰਗੋ ਕੈਂਪ ਦੇ ਏਰੀਏ 'ਚ ਪੈਂਦੇ ਨਿਊ ਗ੍ਰੀਨ ਐਵਨਿਊ ਦੇ ਖਾਲੀ ਪਲਾਟ 'ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੁਹੱਲੇ 'ਚ ਰਹਿਣ ਵਾਲੀ ਮਨਪ੍ਰਰੀਤ ਕੌਰ ਨੇ ਦੱਸਿਆ ਕਿ ਕਾਫੀ ਬਦਬੂ ਆਉਣ ਕਾਰਨ ਖਾਲੀ ਪਲਾਟ 'ਚ ਦੇਖਿਆ ਤਾਂ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਸੀ। ਪੁਲਿਸ ਕੰਟਰੋਲ ਰੂਮ 'ਤੇ ਫੋਨ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਗਈ। ਇਸ ਮੌਕੇ ਭਾਰਗੋ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਭੁੱਲਰ ਪਹੁੰਚੇ। ਉਨ੍ਹਾਂ ਦੱਸਿਆ ਕਿ ਲੱਗਦਾ ਹੈ ਵਿਅਕਤੀ ਦੀ ਲਾਸ਼ ਪਈ ਨੂੰ ਤਕਰੀਬਨ ਦਸ ਦਿਨ ਹੋ ਗਏ ਕਿਉਂਕਿ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ 72 ਘੰਟੇ ਲਈ ਲਾਸ਼ ਸਿਵਲ ਹਸਪਤਾਲ 'ਚ ਰੱਖੀ ਜਾਵੇਗੀ ਤਾਂ ਕਿ ਉਸ ਦੀ ਪਛਾਣ ਕੀਤੀ ਜਾ ਸਕੇ।