ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ ਡਵੀਜ਼ਨ 1 ਤਹਿਤ ਆਉਂਦੇ ਖੇਤਰ ਡੀਏਵੀ ਕਾਲਜ ਨਜ਼ਦੀਕ ਸਥਿਤ ਕੀ ਐਂਡ ਕਾ ਰੈਸਟੋਰੈਂਟ ਦੇ ਬਾਹਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ 1 ਦੇ ਪੁਲਿਸ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਸਹਾਇਤਾ ਕੇਂਦਰ ਰਾਹੀਂ ਸੂਚਨਾ ਮਿਲੀ ਸੀਕੇ ਡੀਏਵੀ ਕਾਲਜ ਨਜ਼ਦੀਕ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਅਣਪਛਾਤਾ ਵਿਅਕਤੀ ਪਿਛਲੇ ਡੇਢ ਕੁ ਸਾਲ ਤੋਂ ਕੀ ਐਂਡ ਕਾ ਰੈਸਟੋਰੈਂਟ ਦੇ ਬਾਹਰ ਰਹਿ ਕੇ ਰਾਤ ਗੁਜ਼ਾਰਦਾ ਸੀ ਅਤੇ ਆਪਣੇ ਪੇਟ ਦੀ ਭੁੱਖ ਮੰਗ ਕੇ ਬੁਝਾਉਂਦਾ ਸੀ। ਰੈਸਟੋਰੈਂਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਨੂੰ ਉਨ੍ਹਾਂ ਨੇ ਡਾਕਟਰੀ ਸਹਾਇਤਾ ਵੀ ਦਿਵਾਈ ਸੀ ਤੇ ਅੱਜ ਵੀ ਉਨ੍ਹਾਂ ਕੁਝ ਸਮਾਂ ਪਹਿਲਾਂ ਇਸ ਨੂੰ ਦੇਖਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ ਅਤੇ ਹਾਲਤ ਤਕਰੀਬਨ ਠੀਕ ਹੀ ਸੀ। ਪਰ ਕੁਝ ਸਮੇਂ ਬਾਅਦ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮਿ੍ਰਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਿ੍ਰਤਕ ਵਿਅਕਤੀ ਦੀ ਲਾਸ਼ 72 ਘੰਟੇ ਤੱਕ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖੀ ਜਾਵੇਗੀ।