ਜੇਐੱਨਐੱਨ, ਭੋਗਪੁਰ : ਭੋਗਪੁਰ ਥਾਣਾ ਤਹਿਤ ਆਉਂਦੇ ਪਚਰੰਗਾ ਨੇੜੇ ਮੰਗਲਵਾਰ ਸਵੇਰੇ ਮੀਂਹ ਕਾਰਨ ਇਕ ਵਾਰ ਬੇਕਾਬੂ ਹੋ ਕੇ ਹਾਈਵੇ ਕੰਢੀ ਲੱਗੀ ਰੇਲਿੰਗ ਨਾਲ ਟਕਰਾ ਗਈ। ਟਕਰਾਉਣ ਤੋਂ ਬਾਅਦ ਕਾਰ ਹਾਈਵੇ ਤੋਂ ਹੇਠਾਂ ਡਿੱਗ ਗਈ ਜਿਸ ਕਾਰਨ ਕਾਰ ਸਵਾਰ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ। ਕਾਰ ਸਵਾਰ ਨੂੰ ਕਾਹਲੀ-ਕਾਹਲੀ 'ਚ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡੀਐੱਮਸੀ ਰੈਫਰ ਕਰ ਦਿੱਤਾ ਗਿਆ। ਜ਼ਖਮੀ ਦੀ ਪਛਾਣ ਅਨਿਲ ਕੁਮਾਰ ਪੁੱਤਰ ਬਲਦੇਵ ਨਿਵਾਸੀ ਤਾਰਾਗੜ੍ਹ, ਪਠਾਨਕੋਟ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਤੋਂ ਆਪਣੇ ਪਿੰਡ ਜਾ ਰਿਹਾ ਸੀ।