ਪੰਜਾਬੀ ਜਾਗਰਣ ਕੇਂਦਰ, ਜਲੰਧਰ : ਨਿਰਧਾਰਤ ਰੇਟਾਂ 'ਤੇ ਰੇਤ ਦੀ ਉਪਲਬਧਤਾ ਲਈ ਯਤਨਾਂ ਨੂੰ ਪ੍ਰਸ਼ਾਸਨ ਨੇ ਹੋਰ ਤੇਜ਼ ਕਰ ਦਿੱਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਕਿਹਾ ਕਿ ਰੇਤ ਦੀਆਂ ਕੀਮਤਾਂ 'ਤੇ ਜੇਕਰ ਕੋਈ ਵੱਧ ਵਸੂਲੀ ਹੁੰਦੀ ਹੈ ਤਾਂ ਉਸ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਵਿਸ਼ੇਸ਼ ਟੀਮਾਂ ਵੱਲੋਂ ਅਚਨਚੇਤ ਚੈਕਿੰਗ ਸ਼ੁਰੂ ਕੀਤੀ ਜਾਵੇਗੀ। ਸਟਿੰਗ/ਵੀਡੀਓ ਕਲਿੱਪਾਂ ਰਾਹੀਂ ਓਵਰਚਾਰਜਿੰਗ ਦਾ ਪਰਦਾਫਾਸ਼ ਕਰਨ 'ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਮਾਈਨਿੰਗ ਵਿਭਾਗ ਵੱਲੋਂ ਚਲਾਏ ਜਾ ਰਹੇ ਪੋਰਟਲ https://www.minesandgeology.punjab.gov.in ਰਾਹੀਂ ਵੀ ਘੱਟੋ-ਘੱਟ 100 ਕਿਊਬਿਕ ਫੁੱਟ ਦੀ ਖ਼ਰੀਦ ਦੇ ਨਾਲ ਲੋੜੀਂਦੀ ਰੇਤ ਦੀ ਖ਼ਰੀਦ ਕਰ ਸਕਦੇ ਹਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੇਤ ਵਿਕ੍ਰੇਤਾਵਾਂ, ਟਰਾਂਸਪੋਰਟਰਾਂ ਅਤੇ ਹੋਰ ਭਾਗੀਦਾਰਾਂ ਨਾਲ ਪਹਿਲਾਂ ਹੀ ਸਸਤੇ ਰੇਟਾਂ 'ਤੇ ਰੇਤ ਮੁਹੱਈਆ ਕਰਵਾਉਣ ਲਈ ਸਾਂਝੀਆਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸਾਰਿਆਂ ਵੱਲੋਂ ਇਸ ਸਬੰਧੀ ਪ੍ਰਸਤਾਵ ਨੂੰ ਸਹਿਮਤੀ ਦਿੱਤੀ ਜਾ ਚੁੱਕੀ ਹੈ। ਜੇਕਰ ਜ਼ਿਲ੍ਹੇ ਵਿਚ ਹੁਣ ਕੋਈ ਨਿਰਧਾਰਿਤ ਕੀਮਤਾਂ ਤੋਂ ਵੱਧ ਵਸੂਲ ਕਰਦਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ।

ਮੁੱਖ ਸਕੱਤਰ ਅਨਿਰੁਧ ਤਿਵਾੜੀ ਦੀ ਪ੍ਰਧਾਨਗੀ ਹੇਠ ਰੇਤ ਅਤੇ ਗਰੈਵਲ ਦੀ ਉਪਲਬਧਤਾ ਤੇ ਇਸ ਦੀਆਂ ਕੀਮਤਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵੀਡੀਓ ਕਾਨਫਰੰਸ ਵਿਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਮਾਈਨਿੰਗ ਸਾਈਟ 'ਤੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਸਮੇਤ ਰੇਤ 'ਤੇ ਸਾਰੇ ਲੋੜੀਂਦੇ ਖਰਚਿਆਂ ਦੀ ਗਣਨਾ ਕਰਨ ਲਈ ਇਕ ਯੋਜਨਾ ਤਿਆਰ ਕੀਤੀ ਗਈ ਸੀ। ਮੁੱਖ ਸਕੱਤਰ ਵੱਲੋਂ ਸੂਬੇ ਦੀ ਸੈਂਡ ਅਤੇ ਗਰੈਵਲ ਮਾਈਨਿੰਗ ਨੀਤੀ-2021 ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਜਲੰਧਰ ਮਾਡਲ ਦੀ ਸ਼ਲਾਘਾ ਵੀ ਕੀਤੀ ਗਈ, ਜਿਸ ਸਦਕਾ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਰੇਤ ਉਪਲਬਧ ਕਰਾਉਣ ਦਾ ਰਾਹ ਪੱਧਰਾ ਹੋਇਆ। ਥੋਰੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸਾਰੇ ਭਾਗੀਦਾਰਾਂ ਨਾਲ ਮੀਟਿੰਗਾਂ ਸਫ਼ਲ ਰਹੀਆਂ, ਕਿਉਂਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟਰਾਂਸਪੋਰਟੇਸ਼ਨ ਅਤੇ ਹੋਰ ਨਿਸ਼ਚਿਤ ਖਰਚਿਆਂ ਤੋਂ ਬਾਹਰ ਨਾ ਜਾਣ ਲਈ ਰਾਜ਼ੀ ਕਰ ਲਿਆ ਗਿਆ।

--------------

ਜ਼ਿਲ੍ਹੇ ਵਿਚ ਪ੍ਰਤੀ ਕਿਊਬਿਕ ਫੁੱਟ ਦਰਾਂ :

ਜ਼ਿਲ੍ਹੇ ਵਿਚ ਨਿਰਧਾਰਤ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਸ਼ਹਿਰ ਵਿਚ 15 ਰੁਪਏ ਪ੍ਰਤੀ ਕਿਊਬਿਕ ਫੁੱਟ ਕੀਮਤ ਤੈਅ ਕੀਤੀ ਗਈ ਹੈ, ਜਿਸ ਵਿਚ ਗਾਹਕ ਦੇ ਟਿਕਾਣੇ ਤਕ ਆਵਾਜਾਈ ਦੇ ਖਰਚੇ ਸ਼ਾਮਲ ਨਹੀਂ ਹਨ। ਇਸੇ ਤਰ੍ਹਾਂ ਫਿਲੌਰ, ਨਕੋਦਰ ਅਤੇ ਨੂਰਮਹਿਲ ਵਿਚ 11.50 ਪ੍ਰਤੀ ਕਿਊਬਿਕ ਫੁੱਟ, ਮਹਿਤਪੁਰ ਅਤੇ ਸ਼ਾਹਕੋਟ ਵਿਚ 11 ਪ੍ਰਤੀ ਕਿਊਬਿਕ ਫੁੱਟ, ਬਿਲਗਾ ਅਤੇ ਲੋਹੀਆਂ ਲਈ 12 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ। ਜਦਕਿ ਗੁਰਾਇਆ ਤੇ ਕਰਤਾਰਪੁਰ (ਬਿਆਸ ਤੋਂ) ਲਈ 13 ਰੁਪਏ ਅਤੇ ਭੋਗਪੁਰ (ਬਿਆਸ ਤੋਂ) 'ਚ 14 ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ। ਆਦਮਪੁਰ ਅਤੇ ਅਲਾਵਲਪੁਰ ਵਿਚ ਵੀ ਰੇਤਾ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਉਪਲਬਧ ਹੋਵੇਗਾ।

ਮੁੱਖ ਸਕੱਤਰ ਨੇ ਵਿਸ਼ੇਸ਼ ਤੌਰ 'ਤੇ ਕੈਂਪ ਲਾ ਕੇ ਟੈਸਟਿੰਗ ਅਤੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਕੋਵਿਡ-19 ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਵੀ ਲਿਆ।