ਹਾਲ ਪਾਰਿਆ

-ਪਿਮਜ਼ ਦੇ ਮੁਲਾਜ਼ਮ ਨੇ ਹਸਪਤਾਲ ਦੇ ਪ੍ਰਬੰਧਕਾਂ 'ਤੇ ਲਾਏ ਦੋਸ਼

-ਲਗਾਏ ਇਲਜ਼ਾਮਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਝੂਠਾ

ਜੇਐੱਨਐੱਨ, ਜਲੰਧਰ : ਪਿਮਜ਼ ਦੇ ਇਕ ਮੁਲਾਜ਼ਮ ਨੇ ਧੱਕਾ-ਮੁੱਕੀ ਕਰਕੇ ਕੁਆਰਟਰ 'ਚੋਂ ਬਾਹਰ ਕੱਢਣ ਦੇ ਦੋਸ਼ ਲਾਏ ਹਨ। ਉਧਰ ਪਿਮਜ਼ ਪ੍ਰਸ਼ਾਸਨ ਲਾਏ ਦੋਸ਼ਾਂ ਨੂੰ ਨਕਾਰਿਆ ਹੈ। ਮੁਲਾਜ਼ਮ ਸਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਮਜ਼ 'ਚ ਨੌਕਰੀ ਕਰਦਾ ਹੈ ਤੇ ਕੁਆਰਟਰ 'ਚ ਰਹਿੰਦਾ ਹੈ। ਉਸ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਉਹ ਜਦੋਂ ਕੁਆਰਟਰ 'ਚ ਗਿਆ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਅੰਦਰ ਜਾਣੋਂ ਰੋਕਿਆ ਤੇ ਧੱਕਾ-ਮੁੱਕੀ। ਉਸ ਨੇ ਬਿਜਲੀ ਸਪਲਾਈ ਕੱਟਣ ਦੇ ਵੀ ਦੋਸ਼ ਲਾਏ। ਉਹ ਮੌਕੇ 'ਤੇ ਬੁਲਾਈ ਪੁਲਿਸ ਦੀ ਸਹਾਇਤਾ ਨਾਲ ਕੁਆਰਟਰ 'ਚ ਦਾਖਲ ਹੋਇਆ। ਇਸ ਮਾਮਲੇ ਸਬੰਧੀ ਉਸ ਨੇ ਪਿਮਜ਼ ਪ੍ਰਸ਼ਾਸਨ 'ਤੇ ਅਦਾਲਤੀ ਕੇਸ ਵੀ ਕਰ ਦਿੱਤਾ ਹੈ। ਇਸ ਦੀ ਸੁਣਵਾਈ 27 ਨਵੰਬਰ ਨੂੰ ਹੈ।

ਪਿਮਜ਼ ਮੁਲਾਜ਼ਮ ਯੂਨੀਅਨ ਦੇ ਸਕੱਤਰ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਸਤਿੰਦਰ ਕੁਮਾਰ ਨੇ ਸਾਲ 2017 'ਚ ਪਿਮਜ਼ ਪ੍ਰਸ਼ਾਸਨ ਖ਼ਿਲਾਫ ਮੁਲਾਜ਼ਮਾਂ ਦੇ ਸੰਘਰਸ਼ 'ਚ ਹਿੱਸਾ ਲਿਆ ਸੀ। ਹਸਪਤਾਲ ਪ੍ਰਸ਼ਾਸਨ ਨਾ ਤਾਂ ਉਸ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਤੇ ਨਾ ਹੀ ਨੌਕਰੀ ਕਰਨ ਦੇ ਰਿਹਾ ਹੈ ਤੇ ਨਾ ਹੀ ਤਨਖਾਹ ਦਿੱਤੀ ਜਾ ਰਹੀ ਹੈ। ਉਧਰ ਪਿਮਜ਼ ਦੇ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਤਿੰਦਰ ਸਾਲ 2017 ਤੋਂ ਨੌਕਰੀ 'ਤੇ ਨਹੀਂ ਆ ਰਿਹਾ ਹੈ। ਵੀਰਵਾਰ ਨੂੰ 24 ਘੰਟੇ 'ਚ ਕੁਆਰਟਰ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਹ ਸੁਰੱਖਿਆ ਮੁਲਾਜ਼ਮਾਂ ਨਾਲ ਝਗੜਾ ਕਰਕੇ ਕੁਆਰਟਰ 'ਚ ਦਾਖਲ ਹੋ ਗਿਆ। ਉਨ੍ਹਾ ਕਿਹਾ ਕਿ ਅਦਾਲਤੀ ਕੇਸ ਸਬੰਧੀ ਉਸ ਕੋਲ ਕੋਈ ਸੂਚਨਾ ਨਹੀਂ ਹੈ। ਥਾਣਾ ਡਵੀਜ਼ਨ ਨੰਬਰ 7 ਦੇ ਐੱਸਐੱਚਓ ਨਵੀਨਪਾਲ ਦਾ ਕਹਿਣਾ ਹੈ ਕਿ ਸਤਿੰਦਰ ਕੁਮਾਰ ਦੀ ਸ਼ਿਕਾਇਤ ਆਈ ਹੈ। ਮਾਮਲਾ ਪਿਮਜ਼ ਪ੍ਰਸ਼ਾਸਨ ਤੇ ਮੁਲਾਜ਼ਮ ਵਿਚਕਾਰ ਹੈ ਤੇ ਸਮੱਸਿਆ ਦਾ ਹੱਲ ਉਨ੍ਹਾਂ ਦੇ ਪੱਧਰ 'ਤੇ ਹੀ ਹੋਵੇਗਾ।