ਜੇਐੱਨਐੱਨ, ਜਲੰਧਰ : ਕਰੀਬ ਤਿੰਨ ਦਹਾਕੇ ਤੋਂ ਬਾਅਦ ਨਵੰਬਰ ਮਹੀਨੇ 'ਚ ਇਸ ਕਦਰ ਠੰਢ ਪਈ ਹੈ। ਇਸ ਤੋਂ ਪਹਿਲਾਂ 1989 'ਚ ਨਵੰਬਰ ਮਹੀਨੇ 'ਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹਿ ਗਿਆ ਸੀ। ਐਤਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਘੱਟ ਕੇ 17 ਡਿਗਰੀ ਸੈਲਸੀਅਸ ਦਾ ਅੰਕੜਾ ਛੂਹ ਗਿਆ ਹੈਸ਼ ਤਾਂ ਮੌਸਮ ਦੇ ਬਦਲੇ ਮਿਜਾਜ਼ ਵਿਚਾਲੇ ਲੋਕਾਂ ਨੂੰ ਦਿਨ ਵੇਲੇ ਹੀ ਪੱਖੇ ਵੀ ਬੰਦ ਕਰਨੇ ਪਏ। ਲੰਬੇ ਸਮੇਂ ਬਾਅਦ ਦਿਵਾਲੀ ਤੋਂ ਪਹਿਲਾਂ ਮੌਸਮ 'ਚ ਇੰਨੀ ਤਬਦੀਲੀ ਆਈ ਹੈ। ਦੋ ਦਿਨ ਪਹਿਲਾਂ ਵੱਧ ਤੋਂ ਵੱਧ 32 ਤੋਂ 34 ਡਿਗਰੀ ਤਕ ਚੱਲ ਰਿਹਾ ਤਾਪਮਾਨ ਸ਼ਨਿੱਚਰਵਾਰ ਤੋਂ ਬਾਅਦ ਐਤਵਾਰ ਨੂੰ ਸਵੇਰ ਤੋਂ ਚੱਲੀਆਂ ਤੇਜ਼ ਹਵਾਵਾਂ ਤੇ ਬਾਰਿਸ਼ ਕਾਰਨ ਘੱਟ ਕੇ 22 ਡਿਗਰੀ ਸੈਲਸੀਅਸ ਰਹਿ ਗਿਆ। ਇਸੇ ਤਰ੍ਹਾਂ 21 ਤੋਂ 22 ਡਿਗਰੀ ਰਹਿ ਰਿਹਾ ਘੱਟ ਤੋਂ ਘੱਟ ਤਾਪਮਾਨ ਵੀ ਮੌਸਮ ਦੇ ਬਦਲੇ ਮਿਜਾਜ਼ ਵਿਚਾਲੇ ਘੱਟ ਕੇ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 48 ਘੰਟੇ ਦੇ ਵਿਚ 36 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਨੇ ਨਵੰਬਰ ਮਹੀਨੇ 'ਚ ਦਸੰਬਰ ਜਿਹੀ ਠੰਡ ਮਹਿਸੂਸ ਕੀਤੀ।

ਹਾਲਾਂਕਿ, ਮੌਸਮ ਵਿਭਾਗ ਵੱਲੋਂ ਹਫ਼ਤੇ ਦੇ ਸ਼ੁਰੂਆਤ ਤੋਂ ਲੈ ਕੇ ਧੁੱਪ ਖਿੜੀ ਰਹਿਣ ਦੀ ਸੰਭਾਵਨਾ ਹੈ, ਬਾਵਜੂਦ ਇਸਦੇ ਹਵਾ 'ਚ ਠੰਡਕ ਬਣੀ ਰਹੇਗੀ। ਹਫ਼ਤੇ ਦੇ ਅਖੀਰ 'ਚ ਰਾਤ ਕਰੀਬ ਅੱਠ ਵਜੇ ਸ਼ੁਰੂ ਹੋਈ ਬਾਰਿਸ਼ ਦਾ ਦੌਰ ਐਤਵਾਰ ਤੜਕੇ ਚਾਰ ਵਜੇ ਤਕ ਲਗਾਤਾਰ ਰਿਹਾ। ਉੱਥੇ, ਦੋ ਘੰਟੇ ਦੀ ਰਾਹਤ ਤੋਂ ਬਾਅਦ ਫਿਰ ਤੋਂ ਬਾਰਿਸ਼ ਨੇ ਹਵਾ 'ਚ ਠੰਡਕ ਵਧਾ ਦਿੱਤੀ। ਇਸ ਕਾਰਨ ਲੋਕਾਂ ਨੂੰ ਅੱਧੀ ਬਾਂਹ ਦੇ ਕੱਪੜੇ ਪਾਉਣ ਤੋਂ ਵੀ ਤੌਬਾ ਕਰਨੀ ਪਈ।

-ਹਨੇਰੀ ਤੇ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਖਿੱਚੀਆਂ ਚਿੰਤਾ ਦੀਆਂ ਲਕੀਰਾਂ

ਇਨ੍ਹੀਂ ਦਿਨੀਂ ਝੋਨੇ ਦੀ ਫ਼ਸਲ ਦੀ ਮੰਡੀਆਂ 'ਚ ਆਮਦ ਤੇ ਵਿਕਰੀ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਸ਼ਨਿੱਚਰਵਾਰ ਤੇ ਐਤਵਾਰ ਨੂੰ ਚੱਲੀ ਤੇਜ਼ ਹਨੇਰੀ, ਤੂਫ਼ਾਨ ਤੇ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਕਾਰਨ, ਝੋਨੇ 'ਚ ਬਾਰਿਸ਼ ਦਾ ਪਾਣੀ ਦਾਖ਼ਲ ਹੋਣ ਤੋਂ ਬਾਅਦ ਇਸ ਵਿਚ ਨਮੀ ਦੀ ਮਾਤਰਾ ਵਧ ਗਈ ਹੈ, ਜਿਸ ਨੂੰ ਐਤਵਾਰ ਨੂੰ ਦਿਨ ਭਰ ਮਜ਼ਦੂਰ ਸੁਕਾਉਣ ਦੀ ਕਵਾਇਦ ਕਰਦੇ ਰਹੇ।

-ਰਜਾਈਆਂ 'ਚੋਂ ਨਿਕਲ ਕੇ ਖਾਂਦੇ ਸਨ ਸਰਗੀ

ਇਸ ਬਾਰੇ ਸੈਂਟਰਲ ਟਾਊਨ ਨਿਵਾਸੀ ਪ੍ਰਰੋਮਿਲਾ ਗੁੰਬਰ 'ਤੇ ਦੱਸਦੀ ਹੈ ਕਿ ਕਰੀਬ ਤਿੰਨ ਦਹਾਕੇ ਪਹਿਲਾਂ ਨਵੰਬਰ ਮਹੀਨੇ 'ਚ ਆਉਣ ਵਾਲੇ ਕਰਵਾਚੌਥ ਵਰਤ 'ਚ ਰਜਾਈਆਂ 'ਚੋਂ ਨਿਕਲ ਕੇ ਤੜਕੇ ਸਰਗੀ ਖਾਂਦੇ ਸਨ। ਉੱਥੇ, ਦਿਨ ਢਲਣ ਤੋਂ ਪਹਿਲਾਂ ਹੀ ਵਰਤ ਦੀ ਕਥਾ ਸੁਣਦੇ ਵੇਲੇ ਠੰਢੀ ਹਵਾ ਝੱਲਣੀ ਪੈਂਦੀ ਸੀ। ਗਲੋਬਲਾਈਜੇਸ਼ਨ ਦੇ ਵਿਚਾਲੇ ਪਿਛਲੇ ਕੁਝ ਦਹਾਕਿਆਂ ਤੋਂ ਗਰਮੀ 'ਚ ਵਾਧਾ ਹੋਇਆ ਹੈ। ਉੱਥੇ ਇਸ ਵਾਰ ਨਵੰਬਰ 'ਚ ਹੋਈ ਠੰਢ 'ਚ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀ ਹੈ।

-ਅੱਜ ਖਿੜੇਗੀ ਧੁੱਪ, ਬਾਵਜੂਦ ਬਰਕਰਾਰ ਰਹੇਗੀ ਠੰਢ

ਲਗਾਤਾਰ ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੇ ਮੋਹਲੇਧਾਰ ਬਾਰਿਸ਼ ਤੋਂ ਬਾਅਦ ਸੋਮਵਾਰ ਤੋਂ ਧੁੱਪ ਖਿੜੀ ਰਹਿਣ ਦੀ ਸੰਭਾਵਨਾ ਹੈ। ਬਾਵਜੂਦ ਇਸਦੇ ਲੋਕਾਂ ਨੂੰ ਹਵਾ 'ਚ ਠੰਢਕ ਝੱਲਣੀ ਪਵੇਗੀ। ਇਸ ਬਾਰੇ ਮੌਸਮ ਮਾਹਿਰ ਡਾ. ਵਿਨੀਤ ਸ਼ਰਮਾ ਦੱਸਦੇ ਹਨ ਕਿ ਪੱਛਮੀ ਪੌਣਾਂ ਦੇ ਚੱਲਣ ਕਾਰਨ ਮੌਸਮ 'ਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਭਾਵੇਂ ਹੀ ਧੁੱਪ ਖਿੜੀ ਰਹੇਗੀ, ਪਰ ਤਾਪਮਾਨ 'ਚ ਜ਼ਿਆਦਾ ਘਾਟ ਹੋਣ ਵਾਲੀ ਨਹੀਂ ਹੈ।

-ਬੱਚਿਆਂ ਤੇ ਬਜ਼ੁਰਗਾਂ ਨੂੰ ਇਹਤਿਆਤ ਵਰਤਣ ਦੀ ਲੋੜ

ਇਸ ਬਾਰੇ ਡਾ. ਭੂਪਿੰਦਰ ਸਿੰਘ ਦੱਸਦੇ ਹਨ ਕਿ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਘਾਟ ਨਾਲ ਜਿੱਥੇ ਐਲਰਜੀ ਜਿਹੀ ਬਿਮਾਰੀ ਤੋਂ ਰਾਹਤ ਮਿਲਦੀ ਹੈ, ਤਾਂ ਉੱਥੇ ਦੂਜੇ ਪਾਸੇ ਤਾਪਮਾਨ 'ਚ ਉਤਰਾਅ-ਚੜ੍ਹਾਅ ਕਾਰਨ ਬੱਚਿਆਂ ਤੇ ਬਜ਼ੁਰਗਾਂ ਲਈ ਆਫ਼ਤ ਖੜ੍ਹੀ ਹੋ ਜਾਂਦੀ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਛਾਤੀ ਰੋਗ, ਨਿਮੋਨੀਆ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਬਚਾਅ ਲਈ ਇਹਤਿਆਤ ਵਰਤਣ ਦੀ ਲੋੜ ਹੈ।

-ਸਿਰਫ਼ ਕੋਸਾ ਪਾਣੀ ਹੀ ਪੀਓ

ਕੋਲਡ ਡਰਿੰਕ ਤੇ ਆਈਸਕਰੀਮ ਸਮੇਤ ਠੰਢਾ ਪਾਣੀ ਪੀਣ ਤੋਂ ਗੁਰੇਜ਼ ਕਰੋ। ਅੱਧੀ ਬਾਂਹ ਦੇ ਕੱਪੜੇ ਪਹਿਨਣ ਤੋਂ ਪਰਹੇਜ਼ ਕਰੋ। ਮਸਾਲੇਦਾਰ ਤੇ ਆਇਲੀ ਪਦਾਰਥਾਂ ਤੋਂ ਪਰਹੇਜ਼ ਕਰੋ। ਖ਼ਾਂਸੀ ਜੁਕਾਮ ਹੋਣ 'ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਬਿਸਤਰ ਤੋਂ ਉੱਠ ਕੇ ਸਿੱਧੇ ਬਾਹਰ ਨੂੰ ਨਾ ਨਿਕਲੋ।

-ਲੋਕਲ ਸਬਜ਼ੀ ਦੀ ਫ਼ਸਲ ਹੋਵੇਗੀ ਪ੍ਰਭਾਵਿਤ, ਹਾਲੇ ਤਕ ਨਹੀਂ ਘਟਣਗੇ ਭਾਅ

ਇਸ ਬਾਰੇ ਪਿੰਡ ਧੀਣਾ ਦੇ ਕਿਸਾਨ ਰਾਜਬੀਰ ਸਿੰਘ ਨੇ ਦੱਸਿਆ ਕਿ ਤੇਜ਼ ਹਵਾਵਾਂ ਤੇ ਤੇਜ਼ ਬਾਰਿਸ਼ ਪੈਣ ਕਾਰਨ ਲੋਕਲ ਸਬਜ਼ੀ ਦੀ ਫ਼ਸਲ ਪ੍ਰਭਾਵਿਤ ਹੋਵੇਗੀ। ਇਸ ਕਾਰਨ ਪੱਕਣ ਨੂੰ ਤਿਆਰ ਸਬਜ਼ੀਆਂ ਹੁਣ ਦੇਰੀ ਨਾਲ ਤਿਆਰ ਹੋਣਗੀਆਂ। ਜਿਸ ਨਾਲ ਲੋਕਾਂ ਨੂੰ ਫਿਲਹਾਲ ਮਹਿੰਗੀਆਂ ਸਬਜ਼ੀਆਂ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਖ਼ਾਸ ਕਰਕੇ ਗੋਭੀ, ਮੂਲੀ ਤੇ ਟਮਾਟਰ ਦੀ ਫ਼ਸਲ ਬਾਰਿਸ਼ ਕਾਰਨ ਖ਼ਾਸ ਤੌਰ 'ਤੇ ਪ੍ਰਭਾਵਿਤ ਹੋਵੇਗੀ। ਫੁੱਲ ਗੋਭੀ ਦਾ ਰੰਗ ਵੀ ਪ੍ਰਭਾਵਿਤ ਹੋ ਸਕਦਾ ਹੈ।