ਲੱਖਾਂ ਦੀ ਠੱਗੀ

ਇਕ ਸ਼ਿਕਾਇਤਕਰਤਾ ਜਾ ਚੁੱਕਿਆ ਹੈ ਅਦਾਲਤ 'ਚ

ਪੁਲਿਸ ਨੇ ਮਾਮਲਾ ਦਰਜ ਕਰਕੇ ਆਰੰਭ ਕੀਤੀ ਪੜਤਾਲ

ਰਾਕੇਸ਼ ਗਾਂਧੀ, ਜਲੰਧਰ : ਚਾਰ ਮਰਲੇ 'ਚ ਬਣੇ ਮਕਾਨ ਨੂੰ ਵੇਚਣ ਦਾ ਇਕਰਾਰਨਾਮਾ ਕਰਕੇ ਖਰੀਦਦਾਰ ਦੇ ਨਾਂ ਰਜਿਸਟਰੀ ਕਰਵਾਉਣ ਤੋਂ ਮੁੱਕਰ ਕੇ ਸਾਢੇ ਦਸ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਥਾਣਾ ਬਾਰਾਦਰੀ 'ਚ ਪੁੱਜਾ ਤਾਂ ਪੁਲਿਸ ਨੂੰ ਜਾਂਚ 'ਚ ਪਤਾ ਲੱਗਾ ਕਿ ਉਕਤ ਮਕਾਨ ਦਾ ਮਾਲਕ ਪਹਿਲਾਂ ਵੀ ਦੋ ਵਿਅਕਤੀਆਂ ਨਾਲ ਠੱਗੀ ਕਰ ਚੁੱਕਾ ਹੈ।

ਜਾਣਕਾਰੀ ਅਨੁਸਾਰ ਫਗਵਾੜਾ ਦੇ ਲਾਗੇ ਪੈਂਦੇ ਪਿੰਡ ਹਦੀਆਬਾਦ ਵਾਸੀ ਗੌਤਮ ਚੱਢਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਕਾਸ਼ ਬਤਰਾ ਵਾਸੀ ਸ਼ਾਸਤਰੀ ਨਗਰ ਨੇ ਉਸ ਨਾਲ ਇਕ ਪਲਾਟ ਦਾ ਸੌਦਾ 12 ਲੱਖ ਰੁਪਏ 'ਚ ਤੈਅ ਕੀਤਾ ਸੀ। ਰਜਿਸਟਰੀ ਤੋਂ ਦੋ ਮਹੀਨੇ ਪਹਿਲਾਂ ਹੀ ਉਸ ਨੇ ਉਸੇ ਪਲਾਟ ਦਾ ਇਕ ਹੋਰ ਵਿਅਕਤੀ ਨਾਲ ਸੌਦਾ ਕਰਕੇ ਉਸ ਕੋਲੋਂ ਵੀ ਸਾਢੇ ਦੱਸ ਲੱਖ ਰੁਪਏ ਲੈ ਲਏ। ਪੁਲਿਸ ਕਮਿਸ਼ਨਰ ਨੇ ਇਸ ਦੀ ਜਾਂਚ ਐਂਟੀ ਫਰਾਡ ਨੂੰ ਦਿੱਤੀ, ਜਿੱਥੇ ਏਐੱਸਆਈ ਚਰਨਜੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਕੀਤੀ। ਜਾਂਚ 'ਚ ਇਹ ਸਾਹਮਣੇ ਆਇਆ ਕਿ ਅਕਾਸ਼ ਬੱਤਰਾ ਨੇ ਅਪਰੈਲ 2018 'ਚ ਇਕ ਪਲਾਟ ਦਾ ਸੌਦਾ ਗੌਤਮ ਚੱਢਾ ਤੇ ਉਸ ਦੀ ਭੈਣ ਦੇ ਨਾਲ 12 ਲੱਖ ਰੁਪਏ ਵਿਚ ਕੀਤਾ ਸੀ। ਉਸ ਦੀ ਰਜਿਸਟਰੀ ਅਗਸਤ ਵਿੱਚ ਕਰਵਾਉਣ ਦੀ ਤਰੀਕ ਮੁਕਰਰ ਕੀਤੀ ਗਈ ਸੀ। ਇਸੇ ਦੌਰਾਨ ਜੂਨ ਮਹੀਨੇ 'ਚ ਹੀ ਅਕਾਸ਼ ਨੇ ਉਸੇ ਪਲਾਟ ਦਾ ਸੌਦਾ ਫਗਵਾੜਾ ਵਾਸੀ ਸੁਖਵਿੰਦਰ ਸਿੰਘ ਨਾਲ ਸਾਢੇ ਦਸ ਲੱਖ ਰੁਪਏ 'ਚ ਕਰਕੇ ਉਸ ਕੋਲੋਂ ਨਕਦੀ ਵੀ ਲੈ ਲਈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸੇ ਪਲਾਟ ਦਾ ਅਕਾਸ਼ ਬੱਤਰਾ ਨੇ ਯੁਵਰਾਜ ਵਾਸੀ ਫਗਵਾੜਾ ਨਾਲ ਵੀ ਸੌਦਾ ਕਰਕੇ ਠੱਗੀ ਕੀਤੀ ਸੀ, ਜਿਸ ਬਾਬਤ ਯੁਵਰਾਜ ਨੇ ਅਕਾਸ਼ ਬੱਤਰਾ ਖਿਲਾਫ ਅਦਾਲਤ 'ਚ ਕੇਸ ਕੀਤਾ ਹੋਇਆ ਹੈ। ਜਾਂਚ ਤੋਂ ਬਾਅਦ ਥਾਣਾ ਬਾਰਾਂਦਰੀ ਦੀ ਪੁਲਸ ਨੇ ਅਕਾਸ਼ ਬੱਤਰਾ ਵਾਸੀ ਸ਼ਾਸਤਰੀ ਨਗਰ ਖਿਲਾਫ ਠੱਗੀ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।