ਅਰਸ਼ਦੀਪ ਸਿੰਘ, ਮਲਸੀਆਂ : ਅੱਜ ਰਾਤ ਮਲਸੀਆਂ ਨਕੋਦਰ ਹਾਈਵੇ ਤੇ ਸੰਤ ਵਰਿਆਮ ਸਿੰਘ ਦਹੀਆ ਮੈਮੋਰੀਅਲ ਗਲੋਬਲ ਹਸਪਤਾਲ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦ ਕਿ ਇੱਕ ਬੱਚਾ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨ ਕੇ ਟੀ ਐੱਮ ਮੋਟਰਸਾਈਕਲ ਤੇ ਨਕੋਦਰ ਵਾਲੇ ਪਾਸਿਓਂ ਮਲਸੀਆਂ ਵੱਲ ਆ ਰਹੇ ਸਨ। ਜਦ ਉਹ ਸੰਤ ਵਰਿਆਮ ਸਿੰਘ ਦਹੀਆ ਯਾਦਗਾਰੀ ਗਲੋਬਲ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਅੱਗੇ ਜਾ ਰਹੇ ਮੋਟਰਸਾਈਕਲ ਨੰਬਰ ਪੀ ਬੀ 08 ਡੀ ਓ 0943 ਸਪਲੈਂਡਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਨੌਜਵਾਨਾਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ। ਦੂਜਾ ਮੋਟਰਸਾਈਕਲ ਜਿਸ ਨੂੰ ਦਲਬੀਰ ਸਿੰਘ (31) ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਰਾਏ ਖਾਮ ਚਲਾ ਰਿਹਾ ਸੀ, ਦੇ ਪਿੱਛੇ ਬੈਠੀ ਉਸ ਦੀ ਪਤਨੀ ਬਲਦੀਸ਼ ਕੌਰ (26) ਅਤੇ ਉਨ੍ਹਾਂ ਦਾ 4 ਸਾਲ ਦਾ ਬੱਚਾ ਪ੍ਰਿਤਪਾਲ ਜ਼ਖਮੀ ਹੋ ਗਏ ਜਦ ਕਿ ਇੱਕ ਸਾਲ ਦਾ ਬੱਚਾ ਸਹਿਜਵੀਰ ਸਿੰਘ ਬਾਲ ਬਾਲ ਬਚ ਗਿਆ। ਦਲਵੀਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਜ਼ਖ਼ਮੀ ਵਿਅਕਤੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹਨ। ਹਾਦਸੇ 'ਚ ਮਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ (16-17) ਉਰਫ ਭੋਲਾ ਪੁੱਤਰ ਸੁਰਿੰਦਰ ਸਿੰਘ ਅਤੇ ਹਰਦੀਪ ਸਿੰਘ ਉਰਫ ਸੋਨੂੰ (17-18) ਪੁੱਤਰ ਚਰਨ ਸਿੰਘ ਦੋਵੇਂ ਵਾਸੀ ਪਿੰਡ ਲਾਟੀਆਂਵਾਲ (ਕਪੂਰਥਲਾ) ਵਜੋਂ ਹੋਈ ਹੈ। ਮੌਕੇ ਤੇ ਪੁੱਜੇ ਏ ਐਸ ਆਈ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ, ਜਦ ਕਿ ਦੋਨੋ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ।

Posted By: Jatinder Singh