ਰਾਕੇਸ਼ ਗਾਂਧੀ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਹੱਦ ਵਿਚ ਪੈਂਦੀ ਈਸ਼ਵਰ ਕਾਲੋਨੀ ਵਿਚ ਵੀਰਵਾਰ ਸਵੇਰੇ ਇਕ ਬੱਚੇ ਦੇ ਹੱਥੋਂ ਮੋਬਾਈਲ ਖੋਹ ਕੇ ਭੱਜਦੇ ਦੋ ਐਕਟਿਵਾ ਸਵਾਰ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਨ੍ਹਾਂ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਅਨੁਸਾਰ ਈਸ਼ਵਰ ਕਾਲੋਨੀ ਵਿਚ ਅੱਜ ਸਵੇਰੇ ਇਕ ਬੱਚਾ ਆਪਣੇ ਘਰ ਦੇ ਬਾਹਰ ਖੜ੍ਹਾ ਮੋਬਾਈਲ ਲੈ ਕੇ ਖੜ੍ਹਾ ਸੀ ਕਿ ਐਕਟਿਵਾ 'ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਹੱਥ ਵਿਚ ਫੜਿਆ ਮੋਬਾਈਲ ਝਪਟ ਲਿਆ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਜਦ ਦੋਵੇਂ ਨੌਜਵਾਨ ਮੋਬਾਈਲ ਝਪਟ ਕੇ ਭੱਜ ਰਹੇ ਸਨ ਤਾਂ ਗਲੀ ਵਿਚ ਮੌਜੂਦ ਕੁਝ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਮੋਬਾਈਲ ਬਰਾਮਦ ਕਰ ਕੇ ਮੁਲਜ਼ਮਾਂ ਨੂੰ 'ਸੇਵਾ' ਕਰਨ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੀ ਪੁਲਿਸ ਹਵਾਲੇ ਕਰ ਦਿੱਤਾ। ਮੌਕੇ 'ਤੇ ਪਹੁੰਚੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਦੋਵਾਂ ਨੂੰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਸ਼ਿਵ ਬਚਨ ਵਾਸੀ ਮਾਡਲ ਹਾਊਸ ਅਤੇ ਕੁੱਲੂ ਵਾਸੀ ਮਾਡਲ ਹਾਊਸ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।