ਸੋਨਾ ਪੁਰੇਵਾਲ, ਨਕੋਦਰ

ਮੰਗਲਵਾਰ ਦੁਪਹਿਰ ਨਕੋਦਰ ਦੇ ਨਜ਼ਦੀਕ ਪਿੰਡ ਸ਼ਰਕਪੁਰ ਨੇੜੇ ਕੰਮ ਕਰਨ ਦੀ ਭਾਲ ਕਰਨ ਜਾ ਰਹੇ 2 ਨੌਜਵਾਨਾਂ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ। ਜ਼ਖਮੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਨੌਜਵਾਨ ਦੀ ਪਛਾਣ ਰਘੁਵੀਰ ਚੰਦ ਉਰਫ ਕਾਲਾ ਵਜੋਂ ਹੋਈ ਹੈ। ਨਕੋਦਰ ਦੀ ਨਵੀਂ ਆਬਾਦੀ ਦੇ ਰਘੁਵੀਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ, ਉਹ ਕੰਮ ਦੀ ਭਾਲ 'ਚ ਸੀ ਤੇ ਉਸ ਨੇ ਜਾਣ-ਪਛਾਣ ਵਾਲੇ ਮਜ਼ਦੂਰਾਂ ਨੂੰ ਆਖਿਆ ਹੋਇਆ ਸੀ। 2 ਦਿਨ ਪਹਿਲਾਂ ਇਕ ਨੌਜਵਾਨ ਨੂੰ ਮਿਲਿਆ ਸੀ ਤੇ ਮੰਗਲਵਾਰ ਉਸ ਨੇ ਉਸ ਨੂੰ ਕਿਹਾ ਕਿ ਨਜ਼ਦੀਕੀ ਪਿੰਡ ਵਿਖੇ ਕੰਮ ਚੱਲ ਰਿਹਾ ਹੈ ਤੇ ਕੰਮ ਮਿਲ ਸਕਦਾ ਹੈ ਜਦੋਂ ਉਹ ਦੋਵੇਂ ਜਣੇ ਮੋਟਰਸਾਈਕਲ 'ਤੇ ਕੰਮ ਦੀ ਭਾਲ 'ਚ ਨਿਕਲੇ ਤਾਂ ਰਸਤੇ ਵਿਚ ਦੋ ਨੌਜਵਾਨ ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਬੰਨ੍ਹੇ ਹੋਏ ਸਨ, ਉਨ੍ਹਾਂ ਦੋਵਾਂ ਨੂੰ ਰੋਕ ਲਿਆ। ਰੋਕਣ ਮਗਰੋਂ ਮਾਰਕੁੱਟ ਸ਼ੁਰੂ ਕਰ ਦਿੱਤੀ ਤੇ ਮੋਬਾਈਲ ਫੋਨ ਮੰਗਿਆ। ਡਰੇ ਹੋਏ ਨੌਜਵਾਨ ਨੇ ਮੋਬਾਈਲ ਦੇ ਦਿੱਤਾ। ਬਿਆਨ ਕਰਤਾ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਉਸ 'ਤੇ ਹਮਲਾ ਕੀਤਾ ਤੇ ਮੋਬਾਈਲ ਦੀ ਮੰਗ ਕੀਤੀ, ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਗੁੱਸੇ 'ਚ ਆਏ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਤੇ ਉੱਥੋਂ ਲੰਘ ਰਹੇ ਵਿਅਕਤੀ ਨੇ ਉਸ ਨੂੰ ਨਕੋਦਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਜ਼ਖ਼ਮੀ ਨੇ ਦੱਸਿਆ ਕਿ ਉਸ ਨੂੰ ਕੰਮ ਦਿਵਾਉਣ ਵਾਲਾ ਉਸ ਦਾ ਕੋਈ ਪੁਰਾਣਾ ਵਾਕਿਫ਼ ਨਹੀਂ ਸੀ, ਦੋ ਦਿਨ ਪਹਿਲਾਂ ਹੀ ਉਸ ਨੂੰ ਮਿਲਿਆ ਸੀ ਤੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।