ਜੇਐੱਨਐੱਨ, ਜਲੰਧਰ : 18 ਜੂਨ ਨੂੰ ਜਲੰਧਰ-ਅੰਮਿ੍ਤਸਰ ਕੌਮੀ ਮਾਰਗ 'ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ 'ਤੇ ਆਪਣੇ ਪਿੰਡ ਧੀਰਪੁਰ ਜਾ ਰਹੇ ਸਾਬਕਾ ਸਰਪੰਚ ਪਰਮਜੀਤ ਸਿੰਘ ਤੇ ਉਸ ਦੀ ਪਤਨੀ ਬਲਵੀਰ ਕੌਰ ਦੀ ਸੋਨੇ ਦੀ ਚੇਨ ਤੇ ਵਾਲੀਆਂ ਝਪਟ ਲਈਆਂ ਸਨ। ਕਰਤਾਰਪੁਰ ਪੁਲਿਸ ਨੇ ਐਤਵਾਰ ਨੂੰ ਭੁਲੱਥ ਰੋਡ 'ਤੇ ਨਾਕੇਬੰਦੀ ਦੌਰਾਨ ਜਦੋਂ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਪਿੰਡ ਧੀਰਪੁਰ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਤੇ ਉਸ ਦੀ ਪਤਨੀ ਬਲਵੀਰ ਕੌਰ ਦੀ ਸੋਨੇ ਦੀ ਚੇਨ ਤੇ ਵਾਲੀਆਂ ਝਪਟਣ ਦੀ ਗੱਲ ਕਬੂਲ ਲਈ। ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ 'ਚ ਸੁਖਦੇਵ ਉਰਫ਼ ਸੁੱਖਾ ਤੇ ਅਰਜਿੰਦਰ ਸਿੰਘ ਉਰਫ਼ ਗੋਰਾ ਦੋਵੇਂ ਨਿਵਾਸੀ ਲਖਨਕਲਾਂ, ਜ਼ਿਲ੍ਹਾ ਕਪੂਰਥਲਾ ਸ਼ਾਮਲ ਹਨ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।