ਰਾਕੇਸ਼ ਗਾਂਧੀ ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਆਪਣੇ ਹੀ ਥਾਣੇ 'ਚ ਤਾਇਨਾਤ ਇਕ ਹੈੱਡ ਕਾਂਸਟੇਬਲ ਤੇ ਥਾਣਾ-2 'ਚ ਤਾਇਨਾਤ ਇਕ ਹੋਮਗਾਰਡ ਦੇ ਜਵਾਨ ਨੂੰ ਨਸ਼ਾ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਬਸਤੀ ਮਿੱਠੂ 'ਚ ਦੋ ਪੁਲਿਸ ਮੁਲਾਜ਼ਮ ਨਸ਼ਾ ਕਰ ਰਹੇ ਹਨ ਜਿਸ 'ਤੇ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਦਿਆਂ ਉਕਤ ਥਾਂ ਤੋਂ ਹੈੱਡ ਕਾਂਸਟੇਬਲ ਅਮਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਕਾਬੂ ਕਰ ਕੇ ਨਸ਼ਾ ਪੀਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅਮਰਜੀਤ ਸਿੰਘ ਥਾਣਾ ਬਸਤੀ ਬਾਵਾ ਖੇਲ 'ਚ ਹੀ ਡਿਊਟੀ ਦੇ ਰਿਹਾ ਹੈ। ਜਦਕਿ ਹੋਮਗਾਰਡ ਦਾ ਜਵਾਨ ਥਾਣਾ-2 'ਚ ਤਾਇਨਾਤ ਹੈ। ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਦੋਵਾਂ ਨੂੰ ਜੁਡੀਸੀਅਲ ਹਿਰਾਸਤ 'ਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।