ਸੁਖਜੀਤ ਕੁਮਾਰ, ਕਿਸ਼ਨਗੜ੍ਹ : ਬੁੱਧਵਾਰ ਕਰੀਬ ਇਕ ਵਜੇ ਬਿਆਸ ਪਿੰਡ ਵਿਖੇ ਕੱਪੜੇ ਦੀ ਦੁਕਾਨ 'ਚ ਲੁਟੇਰਿਆਂ ਨੇ ਅੌਰਤ ਦੀਆਂ ਵਾਲੀਆਂ ਝਪਟ ਲਈਆਂ। ਲੁਟੇਰਿਆਂ ਦੀ ਫੁਟੇਜ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਬਿਆਸ ਪਿੰਡ 'ਚ ਇਕ ਅੌਰਤ ਕੱਪੜੇ ਦੀ ਦੁਕਾਨ ਚਲਾਉਂਦੀ ਹੈ। ਬੁੱਧਵਾਰ ਕਰੀਬ ਇੱਕ ਵਜੇ ਪਲਸਰ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਜਿਨ੍ਹਾਂ 'ਚੋਂ ਇਕ ਮੋਟਰਸਾਈਕਲ 'ਤੇ ਖੜ੍ਹਾ ਰਿਹਾ ਅਤੇ ਦੂਸਰਾ ਦੁਕਾਨ ਦੇ ਅੰਦਰ ਗਿਆ। ਦੁਕਾਨ ਮਾਲਕ ਅੌਰਤ ਕਾਂਤਾ ਰਾਣੀ ਕੋਲੋਂ ਰੁਮਾਲਾ ਸਾਹਿਬ ਦੇਣ ਲਈ ਕਿਹਾ। ਜਦ ਉਕਤ ਅੌਰਤ ਰੁਮਾਲਾ ਦੇਣ ਲਈ ਪਿੱਛੇ ਨੂੰ ਮੁੜੀ ਤਾਂ ਉਕਤ ਨੌਜਵਾਨ ਨੇ ਉਸ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਨੂੰ ਝਪਟ ਲਿਆ ਅਤੇ ਦੋਨੋਂ ਲੁਟੇਰੇ ਮੋਟਰਸਾਈਕਲ 'ਤੇ ਫਰਾਰ ਹੋ ਗਏ ਜਿਨ੍ਹਾਂ ਦੀ ਫੁਟੇਜ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਦ ਵਾਲੀਆਂ ਝਪਟਣ ਸਬੰਧੀ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਦੇ ਏਐੱਸਆਈ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਬੁੱਧਵਾਰ ਸਾਰਾ ਦਿਨ ਉਹ ਲੁੱਟ ਨਾ ਹੋਣ ਸਬੰਧੀ ਪੱਤਰਕਾਰਾਂ ਨੂੰ ਉਲਝਾਉਂਦੇ ਰਹੇ। ਵੀਰਵਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਦੁਕਾਨ 'ਚੋਂ ਲੁਟੇਰੇ ਵਾਲੀਆਂ ਝਪਟ ਕੇ ਫਰਾਰ ਹੋ ਗਏ ਸਨ ਜਿਨ੍ਹਾਂ ਦੀ ਉਹ ਭਾਲ ਕਰ ਰਹੇ ਹਨ।