ਜੇਐੱਨਐੱਨ, ਕਰਤਾਰਪੁਰ : ਐਤਵਾਰ ਦੇਰ ਰਾਤ ਜਲੰਧਰ-ਅੰਮਿ੍ਤਸਰ ਰਾਸ਼ਟਰੀ ਮਾਰਗ 'ਤੇ ਸੜਕ ਦੇ ਵਿਚਕਾਰ ਅਚਾਨਕ ਅਵਾਰਾ ਪਸ਼ੂ ਦੇ ਆ ਜਾਣ ਕਾਰਨ ਮੋਟਰਸਾਈਕਲ ਟਰੱਕ ਨਾਲ ਜਾ ਟਕਰਾਇਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਮਿ੍ਤਕ ਬੇਗੋਵਾਲ (ਕਪੂਰਥਲਾ) ਦੇ ਹਨ। ਇਸ ਸਬੰਧੀ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਰਾਤ 10.30 ਵਜੇ ਟਰੱਕ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਸਕਿਉਰਿਟੀ ਗਾਰਡ ਦੀ ਡਿਊਟੀ ਕਰ ਰਹੇ ਕਮਲਜੀਤ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮੰਡਤੁਲਾ, ਬੇਗੋਵਾਲ ਕਪੂਰਥਲਾ ਤੇ ਜਗਜੀਤ ਪੁੱਤਰ ਮਲਕੀਤ ਸਿੰਘ ਪਿੰਡ ਕੁੱਕਾ ਪ੍ਰਰੇਮ ਨਗਰ ਬੇਗੋਵਾਲ ਸਕਿਉਰਿਟੀ ਗਾਰਡ ਦੀ ਡਿਊਟੀ ਖਤਮ ਕਰਨ ਤੋਂ ਬਾਅਦ ਵਾਪਸ ਆਪਣੇ ਪਿੰਡ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਬਿਜਲੀ ਘਰ ਕਰਤਾਰਪੁਰ ਦੇ ਸਰਵਿਸ ਲਾਈਨ 'ਤੇ ਸੜਕ 'ਤੇ ਅਚਾਨਕ ਇਕ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਮੋਟਰਸਾਈਕਲ ਕੰਟਰੋਲ ਤੋਂ ਬਾਹਰ ਹੋ ਕੇ ਸੜਕ 'ਤੇ ਜਾ ਰਹੇ ਟਰੱਕ 'ਚ ਜਾ ਵੱਜਾ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।