ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਉਸ ਵੱਲੋਂ ਵੱਡੀ ਸਫਲਤਾ ਮਿਲੀ ਜਦ ਲੋਕਾਂ ਵੱਲੋਂ ਕਾਬੂ ਕੀਤੇ ਗਏ ਦੋ ਸ਼ੱਕੀ ਨੌਜਵਾਨ ਬਾਈਕ ਚੋਰ ਨਿਕਲੇ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਕਰ ਲਏ। ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਅਨਿਲ ਕੁਮਾਰ ਨੂੰ ਉਪਿੰਦਰ ਸ਼ਾਹ ਵਾਸੀ ਰਸੀਲਾ ਨਗਰ ਨੇ ਸ਼ਿਕਾਇਤ ਕੀਤੀ ਸੀ ਕਿ 14 ਸਤੰਬਰ ਨੂੰ ਜਦੋਂ ਮਹਾਰਾਜਾ ਗਾਰਡਨ ਕਾਲੋਨੀ ਕੋਲ ਆਪਣਾ ਮੋਟਰਸਾਈਕਲ ਲਗਾ ਕੇ ਕਿਸੇ ਕੋਠੀ ਵਿੱਚ ਕੰਮ ਕਰਨ ਗਿਆ ਸੀ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸਬ ਇੰਸਪੈਕਟਰ ਰੇਸ਼ਮ ਸਿੰਘ ਨੂੰ ਦਿੱਤੀ। 19 ਸਤੰਬਰ ਨੂੰ ਜਦ ਸਬ ਇੰਸਪੈਕਟਰ ਰੇਸ਼ਮ ਸਿੰਘ ਇਲਾਕੇ ਵਿੱਚ ਮੌਜੂਦ ਸਨ ਤਾਂ ਸ਼ੇਰ ਸਿੰਘ ਕਾਲੋਨੀ ਵਿਚੋਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਦੋ ਨੌਜਵਾਨ ਜਿਹੜੇ ਕਿ ਇਲਾਕੇ ਵਿੱਚ ਮੋਟਰਸਾਈਕਲ 'ਤੇ ਘੁੰਮ ਰਹੇ ਹਨ, ਸ਼ੱਕੀ ਲੱਗ ਰਹੇ ਹਨ। ਸਬ ਇੰਸਪੈਕਟਰ ਰੇਸ਼ਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਥਾਂ 'ਤੇ ਜਾ ਕੇ ਦੋਵਾਂ ਨੂੰ ਕਾਬੂ ਕਰਕੇ ਜਦ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਜੋ ਕਿ ਉਨ੍ਹਾਂ ਨੇ ਮਹਾਰਾਜਾ ਗਾਰਡਨ ਲਾਗਿਓਂ ਚੋਰੀ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੋਵਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ ਦੋ ਹੋਰ ਮੋਟਰਸਾਈਕਲ ਜੋ ਕਿ ਉਨ੍ਹਾਂ ਨੇ ਕਿਸੇ ਉਜਾੜ ਜਗ੍ਹਾ 'ਤੇ ਲੁਕੋਏ ਹੋਏ ਸਨ, ਵੀ ਬਰਾਮਦ ਕਰ ਲਏ।

ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਜਿਨ੍ਹਾਂ ਦੀ ਪਹਿਚਾਣ ਰਾਹੁਲ ਵਾਸੀ ਕਬੀਰ ਵਿਹਾਰ ਅਤੇ ਬਲਵਿੰਦਰ ਕੁਮਾਰ ਵਾਸੀ ਨਿਊ ਸੰਤ ਨਗਰ ਦੇ ਰੂਪ ਵਿਚ ਹੋਈ ਹੈ, ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।