ਰਾਕੇਸ਼ ਗਾਂਧੀ, ਜਲੰਧਰ : ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਪਰਵਾਸੀ ਮਜ਼ਦੂਰਾਂ ਦੇ ਏਟੀਐੱਮ 'ਚੋਂ ਧੋਖੇ ਨਾਲ ਪੈਸੇ ਕਢਵਾਉਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਚੌਕੀ ਇੰਚਾਰਜ ਸਬ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਤੀਸ਼ ਕੁਮਾਰ ਵਾਸੀ ਰੰਧਾਵਾ ਮਸੰਦਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਉਹ ਏਟੀਐਮ ਵਿੱਚਂੋ ਪੈਸੇ ਕਢਵਾਉਣ ਲਈ ਗਿਆ ਸੀ। ਉੱਥੇ ਖੜ੍ਹੇ ਦੋ ਨੌਜਵਾਨਾਂ ਨੇ ਧੋਖੇ ਨਾਲ ਉਸ ਦਾ ਪਿੰਨ ਨੰਬਰ ਦੇਖ ਲਿਆ ਅਤੇ ਉਸ ਦੇ ਅਕਾਊਂਟ ਵਿੱਚੋਂ 45 ਹਜ਼ਾਰ ਰੁਪਏ ਦੀ ਨਕਦੀ ਕਢਵਾ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਏਟੀਐੱਮ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਦੋਵਾਂ ਨੌਜਵਾਨਾਂ ਦੀ ਪਹਿਚਾਣ ਪੰਕਜ ਅਤੇ ਰਾਜ ਕੁਮਾਰ ਵਾਸੀ ਉਪਕਾਰ ਨਗਰ ਦੇ ਰੂਪ ਵਿਚ ਕੀਤੀ ਤੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਸ਼ਨੀਵਾਰ ਸ਼ਾਮ ਏਐੱਸਆਈ ਰਾਜਪਾਲ ਪਠਾਨਕੋਟ ਚੌਕ ਲਾਗੇ ਮੌਜੂਦ ਸਨ ਜਿੱਥੇ ਉਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ। ਪੁੱਛਗਿੱਛ ਵਿਚ ਦੋਵਾਂ ਨੇ ਚਾਰ ਵਾਰਦਾਤਾਂ ਕਰਨੀਆਂ ਕਬੂਲੀਆਂ ਹਨ। ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਦੋਵਾਂ ਕੋਲੋਂ ਠੱਗੀ ਦੀਆਂ ਹੋਰ ਵੀ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਕੋਲੋਂ ਬਰਾਮਦਗੀ ਵੀ ਕੀਤੀ ਜਾਵੇਗੀ।