ਜੇਐੱਨਐੱਨ, ਜਲੰਧਰ : ਥਾਣਾ ਚਾਰ ਦੇ ਖੇਤਰ ਸਿੱਕਾ ਚੌਕ ਨੇੜੇ ਸ਼ਨਿਚਰਵਾਰ ਦੇਰ ਰਾਤ ਨੂੰ ਤੇਜ਼ ਰਫ਼ਤਾਰ ਸਵਿਫਟ ਕਾਰ ਅਤੇ ਐਕਟਿਵਾ ਦੀ ਟੱਕਰ ਹੋ ਗਈ। ਹਾਦਸੇ ਵਿਚ ਐਕਟਿਵਾ ਸਵਾਰ ਦੋ ਲੜਕੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਹੋਈਆਂ ਲੜਕੀਆਂ ਦੀ ਪਛਾਣ ਮਖਦੂਮਪੁਰਾ ਵਾਸੀ ਕਨਿਕਾ ਅਤੇ ਉਸ ਦੀ ਸਹੇਲੀ ਲੁਧਿਆਣਾ ਵਾਸੀ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਦੋਵਾਂ ਲੜਕੀਆਂ ਬੀਐੱਸਸੀ ਨਰਸਿੰਗ ਦੀਆਂ ਵਿਦਿਆਰਥਣਾਂ ਹਨ ਜੋ ਮੌਜੂਦਾ ਸਮੇਂ ਪਟੇਲ ਹਸਪਤਾਲ 'ਚ ਟਰੇਨੀ ਹਨ। ਦੋਵੇਂ ਲੜਕੀਆਂ ਸ਼ਨਿਚਰਵਾਰ ਦੇਰ ਰਾਤ ਨੂੰ ਐਕਟਿਵਾ 'ਤੇ ਲਵਲੀ ਸਵੀਟਸ ਵੱਲੋਂ ਸਿੱਕਾ ਚੌਕ ਵੱਲ ਜਾ ਰਹੀਆਂ ਸਨ। ਇਸੇ ਦੌਰਾਨ ਸਿੱਕਾ ਚੌਕ ਨੇੜੇ ਸਾਹਮਣਿਓਂ ਆਈ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਜਦਕਿ ਗੁਰਪ੍ਰੀਤ ਕੌਰ ਦੀ ਲੱਤ 'ਚ ਫਰੈਕਚਰ ਆ ਗਿਆ ਅਤੇ ਕਨਿਕਾ ਦੀ ਬਾਂਹ 'ਤੇ ਡੰੂਘੀ ਸੱਟ ਲੱਗ ਗਈ। ਫਿਲਹਾਲ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਐਤਵਾਰ ਨੂੰ ਜ਼ਖਮੀ ਲੜਕੀਆਂ ਦੇ ਬਿਆਨ ਦਰਜ ਕਰ ਕੇ ਪੁਲਿਸ ਅਗਲੇਰੀ ਕਾਰਵਾਈ ਕਰੇਗੀ।