ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਪਰਿਵਾਰ ਦੇ ਪਿੱਛੋਂ ਘਰ 'ਚ ਚੋਰੀ, ਨਕਦੀ ਤੇ ਗਹਿਣੇ ਲੈ ਕੇ 2 ਫ਼ਰਾਰ
ਦਸੂਹਾ ਪੁਲਿਸ ਨੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਉਰਫ਼ ਰਾਜਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੁਣ ਖੁਣ ਸ਼ਰਕੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ।
Publish Date: Sun, 24 May 2026 12:46 PM (IST)
Updated Date: Sun, 24 May 2026 12:55 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਪੁਲਿਸ ਨੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਉਰਫ਼ ਰਾਜਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੁਣ ਖੁਣ ਸ਼ਰਕੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਦਲਵੀਰ ਸਿੰਘ ਪੁੱਤਰ ਹਰੀ ਰਾਮ ਵਾਸੀ ਕੈਥਾਂ ਮੁਹੱਲਾ ਦਸੂਹਾ ਬੀਤੀ 22 ਮਈ ਨੂੰ ਸ਼ਾਮ ਕਰੀਬ 4:30 ਵਜੇ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਏ ਸਨ। ਜਦੋਂ ਉਹ ਅਗਲੀ ਸਵੇਰ ਤੜਕੇ ਕਰੀਬ 3:00 ਵਜੇ ਵਾਪਸ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ।
ਜਿਵੇਂ ਹੀ ਉਹ ਘਰ ਦੇ ਅੰਦਰ ਗਏ ਤਾਂ ਦੋ ਮੋਨੇ ਲੜਕੇ ਅੰਦਰੋਂ ਭੱਜਦੇ ਹੋਏ ਨਿਕਲੇ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਮਨਜੀਤ ਸਿੰਘ ਉਰਫ਼ ਰਾਜਾ ਵਜੋਂ ਹੋਈ, ਜਦਕਿ ਦੂਜਾ ਉਸਦਾ ਅਣਪਛਾਤਾ ਸਾਥੀ ਸੀ। ਪਰਿਵਾਰ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਧੱਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਘਰ ਦੇ ਅੰਦਰ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਅਲਮਾਰੀ ਟੁੱਟੀ ਹੋਈ ਸੀ, ਜਿਸ ਵਿੱਚੋਂ ਚੋਰ 70 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੇ ਕੀਮਤੀ ਗਹਿਣੇ ਚੋਰੀ ਕਰਕੇ ਲੈ ਗਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।