ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ-1 ਦੀ ਪੁਲਿਸ ਨੇ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਕਰਦੇ ਦੋ ਲੁਟੇਰਿਆਂ ਨੂੰ ਖੋਹੇ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ। ਪ੍ਰਰੈੱਸ ਕਾਨਫਰੰਸ ਰਾਹੀਂ ਥਾਣਾ ਮੁਖੀ ਸਬ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਵਲੋਂ ਮੁਖਬਰੀ 'ਤੇ ਵਿਸ਼ਾਲ ਉਰਫ ਵਿਸ਼ੂ ਵਾਸੀ ਪਿੰਡ ਚੱਕ ਜਿੰਦਾ ਤੇ ਸਾਗਰ ਉਰਫ ਜੋਂਟੀ ਵਾਸੀ ਮੁਹੱਲਾ ਅਸ਼ੋਕ ਵਿਹਾਰ ਜਲੰਧਰ ਜੋ ਮੋਬਾਈਲ ਖੋਹ ਕੇ ਨਸ਼ਾ ਕਰਦੇ ਹਨ। ਦੋਵਾਂ ਨੂੰ ਖੋਹੇ 6 ਮੋਬਾਈਲ ਫੋਨ, ਦਾਤਰ ਤੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਨੰਬਰ ਪੀ ਬੀ 07-ਟੀ-1986 ਸਮੇਤ ਵੇਰਕਾ ਮਿਲਕ ਪਲਾਂਟ ਨੇੜਿਓਂ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਥਾਣੇਦਾਰ ਨੇ ਵੇਰਕਾ ਮਿਲਕ ਪਲਾਂਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤੇ ਸੂਚਨਾ ਮਿਲੀ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਜ਼ਿੰਦਾ ਵੱਲੋਂ ਆ ਰਹੇ ਸਨ ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਹ ਮੋਟਰਸਾਈਕਲ ਦੇ ਕੋਈ ਕਾਗਜ਼ਾਤ ਨਾ ਦਿਖਾ ਸਕੇ। ਤਲਾਸ਼ੀ ਲੈਣ 'ਤੇ ਚਾਲਕ ਕੋਲੋਂ ਮੌਕੇ 'ਤੇ ਹੀ ਖੋਹੇ ਦੋ ਮੋਬਾਈਲ ਬਰਾਮਦ ਹੋਏ। ਜਦਕਿ ਪਿੱਛੇ ਬੈਠੇ ਲੁਟੇਰੇ ਕੋਲੋਂ ਲੋਹੇ ਦਾ ਦਾਤਰ ਬਰਾਮਦ ਹੋਇਆ। ਦੋਵਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਗੁਰੂ ਅਮਰਦਾਸ ਕਾਲੋਨੀ, ਗਦਾਈਪੁਰ ਤੇ ਪਿੰਡ ਚੱਕ ਜਿੰਦਾ ਨੇੜਿਓਂ ਖੋਹੇ ਮੋਬਾਈਲ ਘਰ ਰੱਖੇ ਹੋਏ ਹਨ ਤੇ ਚਾਰ ਮੋਬਾਈਲ ਘਰਾਂ ਤੋਂ ਬਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਬਰਾਮਦ ਕੀਤੇ ਗਏ ਮੋਟਰਸਾਈਕਲ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ। ਥਾਣਾ ਮੁਖੀ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ-1 ਜਲੰਧਰ 'ਚ ਇਕ-ਇਕ ਮਾਮਲਾ ਦਰਜ ਹੈ।