ਜਤਿੰਦਰ ਪੰਮੀ, ਜਲੰਧਰ

ਮੰਗਲਵਾਰ ਨੂੰ ਕੋਰੋਨਾ ਨੇ 2 ਮਰੀਜ਼ਾਂ ਦੀ ਜਾਨ ਲੈ ਲਈ ਅਤੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 41 ਲੋਕਾਂ ਨੂੰ ਲਪੇਟ 'ਚ ਲਿਆ। ਇਨ੍ਹਾਂ 'ਚੋਂ 8 ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਹਨ। ਜਲੰਧਰ ਦੇ ਖਾਤੇ 'ਚ 33 ਮਰੀਜ਼ ਜੋੜੇ ਜਾਣਗੇ। ਮੰਗਲਵਾਰ ਨੂੰ ਕੋਰੋਨਾ ਨੇ 26ਵਾਂ ਸੈਂਕੜਾ ਪਾਰ ਕਰ ਲਿਆ। 73 ਲੋਕਾਂ ਨੂੰ ਸਿਵਲ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 2613 ਅਤੇ ਮਰਨ ਵਾਲਿਆਂ ਦੀ 67 ਤਕ ਪਹੁੰਚ ਗਈ ਹੈ। ਉੱਥੇ ਹੀ ਛੁੱਟੀ ਦੇ ਬਾਅਦ ਘਰ ਜਾਣ ਵਾਲਿਆਂ ਦੀ ਗਿਣਤੀ 1869 ਹੋ ਗਈ ਹੈ।

ਮੰਗਲਵਾਰ ਨੂੰ ਦੋ ਨਿਜੀ ਹਸਪਤਾਲਾਂ 'ਚ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਹੋ ਗਈ। ਮਾਸਟਰ ਤਾਰਾ ਸਿੰਘ ਐਵੇਨਿਊ 'ਚ ਰਹਿਣ ਵਾਲੇ 31 ਵਿਅਕਤੀਆਂ ਨੂੰ ਦੋ ਦਿਨ ਪਹਿਲਾਂ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮੰਗਲਵਾਰ ਨੂੰ ਸਵੇਰੇ ਸਵੇਰੇ ਉਸ ਦੀ ਹਾਲਤ ਵਿਗੜੀ ਅਤੇ ਮੌਤ ਹੋ ਗਈ। ਉੱਥੇ ਹੀ ਢੰਨ ਮੁਹੱਲਾ ਦੇ ਰਹਿਣ ਵਾਲੇ 68 ਸਾਲ ਦੇ ਵਿਅਕਤੀ ਨੂੰ ਪਿਛਲੇ ਹਫਤੇ ਬੁਖਾਰ, ਖਾਂਸੀ ਅਤੇ ਸਾਹ ਲੈਣ 'ਚ ਦਿੱਕਤ ਦੀ ਵਜ੍ਹਾ ਨਾਲ ਦਾਖਲ ਕਰਵਾਇਆ ਗਿਆ ਸੀ। ਜਾਂਚ 'ਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਦੋਨੋਂ ਹੀ ਮਰੀਜ਼ਾਂ ਦੀ ਸ਼ੂਗਰ ਵੱਧੀ ਹੋਈ ਸੀ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੇ ਸਨ।

ਉੱਥੇ ਹੀ ਆਦਰਸ਼ ਨਗਰ 'ਚ ਰਹਿਣ ਵਾਲੇ ਸੀਮੰਟ ਦੀ ਕੰਪਨੀ 'ਚ ਤਾਇਨਾਤ ਵਿਅਕਤੀ ਨੂੰ ਕੋਰੋਨਾ ਨੇ ਗਿ੍ਫਤ 'ਚ ਲੈਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਜੇ ਚਾਰ ਮੈਂਬਰਾਂ ਨੂੰ ਵੀ ਕੋਰੋਨਾ ਗਿ੍ਫਤ 'ਚ ਲੈ ਲਿਆ ਹੈ। ਉੱਥੇ ਹੀ ਕਾਲਾ ਸੰਿਘਆਂ ਰੋਡ 'ਤੇ ਰਹਿਣ ਵਾਲਾ ਸਨਅਤਕਾਰ ਵੀ ਮਰੀਜ਼ਾਂ 'ਚ ਸ਼ਾਮਲ ਹੈ। 2 ਐੱਨਆਰਆਈ ਅਤੇ ਇਕ ਹੋਰ ਸੂਬੇ ਤੋਂ ਆਇਆ ਵਿਅਕਤੀ ਵੀ ਕੋਰੋਨਾ ਦੀ ਲਪੇਟ 'ਚ ਆ ਗਿਆ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ 41 ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ 8 ਮਰੀਜ਼ ਦੂਸਰੇ ਜ਼ਿਲਿ੍ਹਆਂ ਦੇ ਸ਼ਾਮਲ ਹਨ। ਨਿੱਜੀ ਹਸਪਤਾਲਾਂ 'ਚ 2 ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 2613 ਅਤੇ ਮਰਨ ਵਾਲਿਆਂ ਦੀ 67 ਤਕ ਪਹੁੰਚ ਗਈ ਹੈ। ਮੰਗਲਵਾਰ ਨੂੰ 545 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਸਰਕਾਰੀ ਮੈਡੀਕਲ ਕਾਲਜ ਤੋਂ ਆਈ ਰਿਪੋਰਟ 'ਚ 324 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। 73 ਲੋਕਾਂ ਨੂੰ ਸਰਕਾਰੀ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ। ਜ਼ਿਲ੍ਹੇ 'ਚ 47171 ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ 42461 ਨੈਗੇਟਿਵ ਪਾਏ ਗਏ ਹਨ। ਘਰ ਜਾਣ ਵਾਲਿਆਂ ਦੀ ਗਿਣਤੀ 1869 ਪਹੁੰਚ ਗਈ ਹੈ।

ਅੱਜ ਪਾਜ਼ੇਟਿਵ ਆਏ ਮਰੀਜ਼ਾਂ 'ਚ 4 ਬੱਚੇ, 9 ਅੌਰਤਾਂ ਤੇ 28 ਵਿਅਕਤੀ ਸ਼ਾਮਲ ਹਨ। ਕੋਰੋਨਾ ਦੀ ਲਪੇਟ 'ਚ ਆਏ 41 ਮਰੀਜ਼ਾਂ 'ਚੋਂ 31 ਸ਼ਹਿਰੀ ਤੇ 10 ਦਿਹਾਤੀ ਇਲਾਕਿਆਂ ਦੇ, 2 ਐੱਨਆਰਆਈ, 1 ਦੂਸਰੇ ਸੂਬੇ ਤੋਂ ਆਇਆ, 8 ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਹਨ। 19 ਮਰੀਜ਼ ਪੁਰਾਣੇ ਮਰੀਜ਼ਾਂ ਦੇ ਸੰਪਰਕ 'ਚੋਂ ਹਨ ਜਦਕਿ 22 ਨਵੇਂ ਮਾਮਲੇ ਸਾਹਮਣੇ ਆਏ ਹਨ।

ਜ਼ਿਲ੍ਹੇ 'ਚ ਕੋਰੋਨਾ ਟੈਸਟਿੰਗ ਲੈਬ ਤਿਆਰ

ਕੋਰੋਨਾ ਮਰੀਜ਼ਾਂ ਦੇ ਮਾਮਲੇ 'ਚ ਸੂਬੇ 'ਚੋਂ ਦੂਸਰੇ ਨੰਬਰ 'ਤੇ ਚੱਲ ਰਹੇ ਜ਼ਿਲ੍ਹੇ ਦੀ ਹੁਣ ਆਪਣੀ ਕੋਰੋਨਾ ਟੈਸਟਿੰਗ ਲੈਬ ਤਿਆਰ ਹੋ ਗਈ ਹੈ। ਆਰਡੀਡੀਐੱਲ ਕੰਪਲੈਕਸ 'ਚ ਬਣੀ ਲੈਬ 'ਚ ਟ੍ਰਾਇਲ ਕਾਮਯਾਬ ਰਹੇ ਹਨ। ਹੁਣ ਇੱਥੇ ਕੋਰੋਨਾ ਦੀ ਟੈਸਟਿੰਗ ਦੇ ਲਈ ਸਟਾਫ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਲੈਬ ਦੇ ਲਈ ਹੁਣ ਟੈਸਟਿੰਗ ਕੈਮੀਕਲ ਅਤੇ ਪੀਪੀਈ ਕਿੱਟਾਂ ਦਾ ਇੰਤਜ਼ਾਰ ਹੈ ਜਿਸ ਦੇ ਬਾਅਦ ਉੱਥੇ ਨਿਯਮਿਤ ਤੌਰ 'ਤੇ ਟੈਸਟਿੰਗ ਸ਼ੁਰੂ ਹੋ ਜਾਵੇਗੀ। ਸ਼ੁਰੂਆਤ 'ਚ 25 ਸੈਂਲ ਟੈਸਟ ਹੋਣਗੇ ਜਿਸ ਨੂੰ ਰੋਜ਼ਾਨਾ 250 ਤਕ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ। 'ਜਾਗਰਣ ਗਰੁੱਪ' ਨੇ ਸ਼ੁਰੁਆਤ 'ਚ ਸ਼ਹਿਰ 'ਚ ਸਭ ਤੋਂ ਜ਼ਿਆਦਾ ਮਰੀਜ਼ ਹੋਣ ਦੇ ਬਾਵਜੂਦ ਇੱਥੇ ਟੈਸਟਿੰਗ ਲੈਬ ਨਾ ਹੋਣ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਸੀ ਜਿਸ 'ਚ ਇਹ ਵੀ ਦੱਸਿਆ ਗਿਆ ਸੀ ਕਿ ਜਲੰਧਰ ਦੇ ਸੈਂਪਲਾਂ ਨੂੰ ਜਾਂਚ ਲਈ ਕਦੀ ਫਰੀਦਕੋਟ ਤਾਂ ਕਦੀ ਅੰਮਿ੍ਤਸਰ ਜਾਂ ਪਟਿਆਲਾ ਭੇਜਿਆ ਜਾਂਦਾ ਹੈ ਜਿਸ ਨਾਲ ਰਿਪੋਰਟ ਆਉਣ 'ਚ ਦੇਰੀ ਹੁੰਦੀ ਹੈ ਤੇ ਮਰੀਜ਼ ਦਾ ਸਮੇਂ 'ਤੇ ਇਲਾਜ ਸ਼ੁਰੂ ਨਹੀਂ ਹੋ ਪਾਉਂਦਾ। ਇਸਦੇ ਬਾਅਦ ਤਤਕਾਲੀ ਡੀਸੀ ਵਰਿੰਦਰ ਸ਼ਰਮਾ ਨੇ ਇਹ ਮੁੱਦਾ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਦੇ ਅੱਗੇ ਚੁੱਕਿਆ। ਮੰਤਰੀ ਸੋਨੀ ਨੇ ਕੈਬਨਿਟ ਮੀਟਿੰਗ 'ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਇਸਦੀ ਮੰਗ ਕੀਤੀ ਅਤੇ ਫਿਰ ਬਾਬਾ ਫਰੀਦ ਯੂਨੀਵਰਸਿਟੀ ਦੀ ਅਗਵਾਈ 'ਚ ਆਈਸੀਐੱਮਆਰ ਤੋਂ ਮੰਜੂਰੀ ਲੈ ਕੇ ਇੱਥੇ ਲੈਬ ਬਣਾ ਕੇ ਤਿਆਰ ਹੋ ਗਈ ਹੈ।

ਡਿਊਟੀ 'ਤੇ ਤਾਇਨਾਤ ਸਟਾਫ ਨੇ ਰੱਖੀ ਬੀਮਾ ਕਰਵਾਉਣ ਦੀ ਮੰਗ

ਐੱਨਆਰਡੀਡੀਏ 'ਚ ਕੋਵਿਟ-19 ਦੇ ਸੈਂਪਲਾਂ ਦੀ ਜਾਂਚ ਕਰਨਾ ਸੱਭਤੋਂ ਵੱਡਾ ਖਤਰੇ ਦਾ ਕੰਮ ਹੈ। ਸੂਬਾ ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਰੀਬ 50 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ। ਲੈਬ 'ਚ ਤਾਇਨਾਤ ਸਟਾਫ ਦੀ ਮੰਗ ਹੈ ਕਿ ਜੇਕਰ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਬੀਮਾ ਹੋ ਸਕਦਾ ਹੈਤਾਂ ਸੈਂਪਲਾਂ ਦੀ ਜਾਂਚ ਕਰਨਾ ਸੱਭਤੋਂ ਵੱਡਾ ਖਤਰਾ ਹੈ। ਇਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਵੀ ਪੰਜਾਹ ਲੱਖ ਰੁਪਏ ਦਾ ਬੀਮਾ ਕਰਵਾ ਕੇ ਦੇਣ ਦੀ ਮੰਗ ਰੱਖੀ ਹੈ।