ਜਤਿੰਦਰ ਪੰਮੀ, ਜਲੰਧਰ : ਪੰਜਾਬੀ ਕੌਮ ਬਹਾਦਰਾਂ ਤੇ ਖੁਸ਼ੀ ’ਚ ਲੁੱਡੀਆਂ ਪਾਉਣ ਵਾਲੇ ਲੋਕਾਂ ਦੀ ਹੈ। ਪਿਛਲੇ ਸਮੇਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਘਰਾਂ ਅੰਦਰ ਉਦਾਸੀ ਦੇ ਆਲਮ ’ਚੋਂ ਲੰਘ ਰਹੇ ਪੰਜਾਬੀਆਂ ਤੇ ਭੰਗੜਾ ਪੇ੍ਰਮੀਆਂ ਨੂੰ ਨੱਚਣ-ਟੱਪਣ ਲਈ ਮੌਕਾ ਪ੍ਰਦਾਨ ਕਰਨ ਲਈ ਲਾਇਲਪੁਰ ਦੀ ਵਿਰਾਸਤ ਨੂੰ ਅੱਗੇ ਤੋਰ ਲਾਇਲਪੁਰ ਖ਼ਾਲਸਾ ਕਾਲਜ ਨੇ ਪੰਜਾਬ ਦੇ ਸਭਿਆਚਾਰ ਦੇ ਅਨਿੱਖੜਵੇਂ ਅੰਗ ਭੰਗੜੇ ਦੀਆ ਧੁੰਮਾਂ ਪਾਉਣ ਲਈ ਹੀ ਭੰਗੜਾ ਵਰਲਡ ਕੱਪ ਕਰਵਾਉਣ ਦਾ ਉਪਰਾਲਾ ਕੀਤਾ ਹੈ। ਇਹ ਪ੍ਰਗਟਾਵਾ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ 23 ਤੇ 24 ਅਕਤੂਬਰ ਨੂੰ ਕਰਵਾਏ ਜਾ ਰਹੇ ਭੰਗੜਾ ਵਰਲਡ ਕੱਪ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਪ੍ਰਿੰਸੀਪਲ ਸਮਰਾ ਨੇ ਦੱਸਿਆ ਕਿ ਭੰਗੜਾ ਵਰਲਡ ਕੱਪ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ। ਇਹ ਭੰਗੜਾ ਵਰਲਡ ਕੱਪ ਕਾਲਜ ਦੇ ਅਧਿਆਪਕ ਤੇ ਭੰਗੜੇ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਵਾਲੇ ਮਰਹੂਮ ਸੇਵਾਕਮੁਤ ਰਜਿਸਟਰਾਰ ਜੀਐੱਮਡੀਯੂ ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਹੈ। 23 ਅਕਤੂਬਰ ਨੂੰ ਵਿਦੇਸ਼ਾਂ ਤੋਂ ਭੰਗੜਾ ਟੀਮਾਂ ਦੀ ਪੇਸ਼ਕਾਰ ਆਨਲਾਈਨ ਹੋਵੇਗੀ। ਇਨ੍ਹਾਂ ਪੇਸ਼ਕਾਰੀਆਂ ਨੂੰ ਤਿੰਨ ਸ਼ੇ੍ਣੀਆਂ ਸੀ-1, ਸੀ-3 ਅਤੇ ਸੀ-4 ’ਚ ਵੰਡਿਆ ਗਿਆ ਹੈ, ਜਿਸ ਤਹਿਤ 20 ਟੀਮਾਂ ਦੇ ਮੁਕਾਬਲੇ ਹੋਣਗੇ। 24 ਅਕਤੂਬਰ ਨੂੰ ਭਾਰਤ ਦੀਆਂ ਭੰਗੜਾ ਟੀਮਾਂ ਦੀ ਕਾਲਜ ਕੈਂਪਸ ਵਿਖੇ ਸ਼ੇ੍ਰਣੀ ਸੀ-2 ਤਹਿਤ ਆਫਲਾਈਨ ਮੁਕਾਬਲੇ ਹੋਣਗੇ। ਇਸ ਸ਼ੇ੍ਰਣੀ ’ਚ ਵੀ 20 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਭੰਗੜਾ ਵਰਲਡ ਕੱਪ ਵਿਚ ਇੱਕ ਕੈਟੇਗਰੀ ’ਚ ਸਭ ਤੋਂ ਵਡੇਰੀ ਉਮਰ 68 ਸਾਲ ਅਤੇ ਸਭ ਤੋਂ ਛੋਟੀ ਉਮਰ 7 ਸਾਲ ਦੇ ਭੰਗੜਾ ਕਲਾਕਾਰ ਵੀ ਭਾਗ ਲੈ ਰਹੇ ਹਨ। ਦੁਨੀਆ ਭਰ ਦੇ ਭੰਗੜਾ ਕਲਾਕਾਰਾਂ ਅਤੇ ਭੰਗੜਾ ਪੇ੍ਮੀਆਂ ’ਚ ਭੰਗੜਾ ਵਰਲਡ ਲਈ ਬਹੁਤ ਜੋਸ਼ ਅਤੇ ਉਤਸ਼ਾਹ ਹੈ। ਭੰਗੜਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ ਕਾਲਜ ਦੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੋਂ ਇਲਾਵਾ ਹੋਰ ਵੈੱਬ ਚੈਨਲਾਂ ਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਹੋਵੇਗਾ। ਉਪਰੋਕਤ ਸਿੱਧਾ ਪ੍ਰਸਾਰਨ 23 ਅਕਤੂਬਰ ਨੂੰ ਸ਼ਾਮ 5 ਵਜੇ ਅਤੇ 24 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗਾ।

ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼, ਪ੍ਰੋ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼, ਪ੍ਰੋ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟਸ ਵੈਲਫੇਅਰ ਤੋਂ ਇਲਾਵਾ ਪ੍ਰੋ. ਉਪਮਾ ਅਰੋੜਾ, ਸੁਰਿੰਦਰ ਕੁਮਾਰ ਚਲੋਤਰਾ ਪੀਏ ਟੂ ਪ੍ਰਿੰਸੀਪਲ ਹਾਜ਼ਰ ਸਨ।

Posted By: Jagjit Singh