ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਮੁਖਬਰ ਖ਼ਾਸ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਉਸ ਵੇਲੇ ਲੱਖਾਂ ਰੁਪਏ ਦੇ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ ਜਦ ਉਹ ਸਾਮਾਨ ਵੇਚਣ ਲਈ ਗਾਹਕ ਦੀ ਉਡੀਕ ਵਿਚ ਇਕ ਖਾਲੀ ਪਲਾਟ ਵਿਚ ਖੜ੍ਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਕਰਨ ਕੁਮਾਰ ਉਰਫ਼ ਬੱਚਾ ਵਾਸੀ ਬਸ਼ੀਰਪੁਰਾ ਤੇ ਨਿਤਿਨ ਸੋਨੀ ਉਰਫ਼ ਰਜਤ ਵਾਸੀ ਸੂਰਿਆ ਇਨਕਲੇਵ ਇਸ ਵੇਲੇ ਚੋਰੀ ਦੇ ਸਾਮਾਨ ਸਮੇਤ ਇਲਾਕੇ ਵਿਚ ਪੈਂਦੇ ਇਕ ਖ਼ਾਲੀ ਪਲਾਟ ਵਿਚ ਗਾਹਕ ਦੀ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਕੋਲ ਇਸ ਵੇਲੇ ਭਾਰੀ ਮਾਤਰਾ ਵਿਚ ਚੋਰੀ ਦਾ ਸਾਮਾਨ ਵੀ ਹੈ। ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਉਕਤ ਥਾਂ 'ਤੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਬਿਨਾਂ ਨੰਬਰੀ ਮੋਟਰਸਾਈਕਲ, 2 ਐੱਲਸੀਡੀ, ਇਕ ਟੀਵੀ, ਤਿੰਨ ਸਿਲੰਡਰ, ਇਕ ਪ੍ਰਰੈੱਸ ਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਚੋਰੀ ਦੀਆਂ ਕਈ ਹੋਰ ਵਾਰਦਾਤਾਂ ਹੱਲ ਹੋਣ ਤੇ ਸਾਮਾਨ ਬਰਾਮਦ ਹੋਣ ਦੀ ਉਮੀਦ ਹੈ।