ਰਾਕੇਸ਼ ਗਾਂਧੀ, ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਨਾਜਾਇਜ਼ ਪਿਸਟਲ ਤੇ ਜਿੰਦਾ ਰੋਂਦ ਬਰਾਮਦ ਕੀਤੇ ਸਨ ਅਤੇ ਉਸ ਤੋਂ ਪੁਲਿਸ ਰਿਮਾਂਡ ਵਿੱਚ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਦੋ ਹੋਰ ਸਾਥੀ ਜਿਨ੍ਹਾਂ ਦੇ ਉਸ ਨੂੰ ਨਿੱਕੇ ਨਾ ਹੀ ਪਤਾ ਸਨ ਕੋਲ ਵੀ ਨਾਜਾਇਜ਼ ਹਥਿਆਰ ਹਨ। ਪੁਲਿਸ ਨੇ ਜਾਂਚ ਤੋਂ ਬਾਅਦ ਮੁਖਬਰ ਦੀ ਸੂਚਨਾ ਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਨਾਜਾਇਜ਼ ਪਿਸਟਲ ਤੇ ਅਣਚੱਲੇ ਰੋਂਦ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ 14/3/20 ਨੂੰ ਥਾਣਾ ਨੰਬਰ ਚਾਰ ਦੀ ਪੁਲਿਸ ਨੇ ਸਮਾਈਲ ਉਰਫ ਸੇਰੂ, ਰਜਨੀ ਕਾਂਤ ਵਾਸੀ ਬਸਤੀ ਭੂਰੇ ਖਾਂ ਪ੍ਰਰੀਤ ਨਗਰ ਸੋਡਲ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ ਅਤੇ ਚਾਰ ਅਣਚੱਲੇ ਰੋਂਦ ਬਰਾਮਦ ਕੀਤੇ ਸਨ। ਪੁਲਿਸ ਰਿਮਾਂਡ ਦੌਰਾਨ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਵਿਚ ਉਸ ਨੇ ਦੱਸਿਆ ਸੀ ਕਿ ਉਸ ਦੇ ਦੋ ਦੋਸਤ ਅਮਿਤ ਤੇ ਬਿੰਦੂ ਜਿਨ੍ਹਾਂ ਨੇ ਆਪਣੀ ਸੁਰੱਖਿਆ ਲਈ ਨਾਜਾਇਜ਼ ਹਥਿਆਰ ਰੱਖੇ ਹੋਏ ਹਨ ਉਨ੍ਹਾਂ ਦੀ ਪਿੰਡ ਦੇ ਲੋਕਾਂ ਨਾਲ ਕਾਫੀ ਖੁੰਦਕ ਹੈ ਅਤੇ ਉਨ੍ਹਾਂ ਕੋਲ ਵੀ ਅਣਚੱਲੇ ਰੋਂਦ ਤੇ ਹਥਿਆਰ ਹਨ। 21 ਮਈ ਨੂੰ ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੰਮਿ੍ਤਪਾਲ ਸਿੰਘ ਉਰਫ ਅਮਿਤ ਵਾਸੀ ਡਰੋਲੀ ਕਲਾਂ ਆਦਮਪੁਰ ਤੇ ਵਰਿੰਦਰ ਸਿੰਘ ਉਰਫ ਬਿੰਦੂ ਵਾਸੀ ਜੈਠਪੁਰ ਪਤਾਰਾ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜੇ ਵਿੱਚੋਂ ਇੱਕ ਪਿਸਟਲ ਬੱਤੀ ਬੋਰ ਅਤੇ ਦੋ ਅਣਚੱਲੇ ਰੋਂਦ ਵੀ ਬਰਾਮਦ ਕਰ ਲਏ। ਉਸ ਤੋਂ ਬਾਅਦ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਇਨ੍ਹਾਂ ਕੋਲੋਂ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਸਾਬਕਾ ਸਰਪੰਚ ਦਾ ਪੁੱਤਰ ਹੈ ਅੰਮਿ੍ਤਪਾਲ ਸਿੰਘ --------

ਏਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ ਦਾ ਪਿਓ ਸਾਬਕਾ ਸਰਪੰਚ ਹੈ ਅਤੇ ਇਸ ਵੇਲੇ ਅੰਮਿ੍ਤਪਾਲ ਸਿੰਘ ਆਪਣੇ ਪਿੰਡ ਵਿੱਚ ਹੀ ਇੱਕ ਟੈਂਟ ਹਾਊਸ ਚਲਾ ਰਿਹਾ ਹੈ। ਮੁੱਢਲੀ ਪੁੱਛਗਿਛ ਵਿੱਚ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸਾਬਕਾ ਸਰਪੰਚ ਹੋਣ ਕਾਰਨ ਦੂਜੀ ਪਾਰਟੀ ਤੇ ਲੋਕ ਉਨ੍ਹਾਂ ਨਾਲ ਖੁੰਦਕ ਰੱਖਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਆਪਣੇ ਕੋਲ ਰੱਖਣੇ ਪੈਂਦੇ ਹਨ ਉਸ ਨੇ ਮੰਨਿਆ ਕਿ ਇਹ ਪਿਸਟਲ ਉਸ ਨੇ 16 ਹਜ਼ਾਰ ਰੁਪਏ ਦਾ ਖਰੀਦਿਆ ਸੀ।