ਰਾਕੇਸ਼ ਗਾਂਧੀ, ਜਲੰਧਰ

ਥਾਣਾ ਬਾਰਾਦਰੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਉਪਰ ਸਫਾਰੀ ਗੱਡੀ ਦਾ ਨੰਬਰ ਲਾ ਕੇ ਘੁੰਮ ਰਹੇ ਏਅਰਟੈੱਲ ਕੰਪਨੀ ਦੇ ਮੁਲਾਜ਼ਮ ਤੇ ਉਸ ਦੇ ਮਕੈਨਿਕ ਸਾਥੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਹਰਦੇਵ ਸਿੰਘ ਨੇ ਕਿ੍ਸ਼ਨਾ ਫੈਕਟਰੀ ਲਾਡੋਵਾਲੀ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਬੀਐੱਸਐੱਫ ਚੌਕ ਵੱਲੋਂ ਇਕ ਮੋਟਰਸਾਈਕਲ ਉੱਪਰ ਆਉਂਦੇ ਹੋਏ ਦੋ ਨੌਜਵਾਨਾਂ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਉਹ ਇਕਦਮ ਆਪਣਾ ਮੋਟਰਸਾਈਕਲ ਮੋੜਨ ਲੱਗੇ। ਅਜਿਹਾ ਕਰਦੇ ਹੋਏ ਉਹ ਹੇਠਾਂ ਡਿੱਗ ਪਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਜਦ ਉਨ੍ਹਾਂ ਕੋਲੋਂ ਮੋਟਰਸਾਈਕਲ ਦੇ ਕਾਗਜ਼ਾਤ ਮੰਗੇ ਤਾਂ ਉਹ ਘਬਰਾ ਗਏ ਤੇ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ ਜਦ ਪੁਲਿਸ ਪਾਰਟੀ ਨੇ ਦਫ਼ਤਰ ਵਿਚ ਉਨ੍ਹਾਂ ਦੇ ਮੋਟਰਸਾਈਕਲ ਦਾ ਨੰਬਰ ਭੇਜ ਕੇ ਡਿਟੇਲ ਮੰਗਵਾਈ ਤਾਂ ਪਤਾ ਲੱਗਾ ਕਿ ਉਕਤ ਨੰਬਰ ਇਕ ਸਫਾਰੀ ਗੱਡੀ ਦਾ ਹੈ। ਜਿਸ 'ਤੇ ਉਨ੍ਹਾਂ ਦੋਵਾਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਨਵਦੀਪ ਸਿੰਘ ਵਾਸੀ ਜਗਜੀਤ ਕਾਲੋਨੀ ਦਕੋਹਾ ਤੇ ਨਵਜੋਤ ਕੁਮਾਰ ਉਰਫ਼ ਜੋਤ ਵਾਸੀ ਟੈਗੋਰ ਨਗਰ ਦੇ ਰੂਪ ਵਿਚ ਹੋਈ ਹੈ, ਨੂੰ ਗਿ੍ਫ਼ਤਾਰ ਕਰ ਕੇ ਜਦ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਨਕੋਦਰ ਤੋਂ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਤਿੰਨ ਹੋਰ ਮੋਟਰਸਾਈਕਲ ਵੀ ਚੋਰੀ ਕੀਤੇ ਹੋਏ ਹਨ ਜੋ ਉਨ੍ਹਾਂ ਨੇ ਇਕ ਥਾਂ 'ਤੇ ਖੜ੍ਹੇ ਕੀਤੇ ਹਨ। ਜਿਸ 'ਤੇ ਪੁਲਿਸ ਪਾਰਟੀ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਤਿੰਨ ਹੋਰ ਮੋਟਰਸਾਈਕਲ ਵੀ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਵਜੋਤ ਕੁਮਾਰ ਏਅਰਟੈੱਲ ਕੰਪਨੀ ਵਿਚ ਮੁਲਾਜ਼ਮ ਹੈ ਜਦਕਿ ਨਵਦੀਪ ਸਿੰਘ ਮੋਟਰਸਾਈਕਲ ਮਕੈਨਿਕ ਹੈ। ਦੋਵੇ ਮਿਲ ਕੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਉਨ੍ਹਾਂ ਉਪਰ ਜਾਅਲੀ ਨੰਬਰ ਲਾ ਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆਂਦੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਚੋਰੀ ਦੇ ਹੋਰ ਵੀ ਮਾਮਲੇ ਹੱਲ ਹੋਣ ਤੇ ਵਾਹਨ ਬਰਾਮਦ ਹੋਣ ਦੀ ਉਮੀਦ ਹੈ।