ਦੜਾ ਸੱਟਾ ਲਾਉਂਦੇ ਦੋ ਕਾਬੂ
ਲਾਟਰੀ ਦੀ ਆੜ ’ਚ ਦੜਾ ਸਟਾ ਲਗਾਉਂਦੇ ਦੋ ਕਾਬੂ
Publish Date: Tue, 09 Dec 2025 07:12 PM (IST)
Updated Date: Tue, 09 Dec 2025 07:15 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਦੋ ਦੀ ਪੁਲਿਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਗਾਜ਼ੀ ਗੁੱਲਾ ਚੌਕ ’ਚ ਛਾਪਾਮਾਰੀ ਕਰਕੇ ਦੋ ਨੌਜਵਾਨਾਂ ਨੂੰ ਲਾਟਰੀ ਦੀ ਆੜ ’ਚ ਦੜਾ-ਸੱਟਾ ਲਗਵਾਉਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਪੁਲਿਸ ਨੇ ਮੌਕੇ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਦੜੇ ਸੱਟੇ ਦੀਆਂ ਪਰਚੀਆਂ ਤੋਂ ਇਲਾਵਾ ਹੋਰ ਵੀ ਕਾਫੀ ਸਾਮਾਨ ਬਰਾਮਦ ਕੀਤਾ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਾਜ਼ੀ ਗੁੱਲਾ ਚੌਕ ’ਚ ਇਕ ਦੁਕਾਨ ’ਤੇ ਲਾਟਰੀ ਦੀ ਆੜ ’ਚ ਦੜਾ ਸੱਟਾ ਲਗਵਾਇਆ ਜਾ ਰਿਹਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐੱਸਆਈ ਨਰੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕੀਤੀ। ਜਦੋਂ ਛਾਪਾਮਾਰੀ ਕੀਤੀ ਤਾਂ ਦੁਕਾਨ ’ਚ ਮੌਜੂਦ ਗਾਹਕਾਂ ’ਚ ਭਗਦੜ ਮੱਚ ਗਈ। ਪੁਲਿਸ ਨੇ ਮੌਕੇ ਤੋਂ ਸਾਹਿਲ ਵਾਸੀ ਬਸਤੀ ਗੁੱਜ਼ਾ ਤੇ ਅਸ਼ੋਕ ਕੁਮਾਰ ਵਾਸੀ ਬਸਤੀ ਗੁੱਜ਼ਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 15550 ਰੁਪਏ ਨਕਦ, ਦੜੇ ਸੱਟੇ ਦੀਆਂ ਪਰਚੀਆਂ, ਕੈਲਕੂਲੇਟਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਖਿਲਾਫ ਗੈਬਲਿੰਗ ਐਕਟ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।