ਰਾਕੇਸ਼ ਗਾਂਧੀ ਜਲੰਧਰ : ਸੀਆਈਏ-ਇਕ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਇਕ ਗੁਦਾਮ ਵਿਚ ਛਾਪੇਮਾਰੀ ਦੌਰਾਨ ਉਥੋਂ ਨਾਜਾਇਜ਼ ਸ਼ਰਾਬ ਦੀ ਖੇਪ ਬਰਾਮਦ ਕਰ ਕੇ 2 ਸਮੱਗਲਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦੋਂਕਿ ਇਕ ਸਮੱਗਲਰ ਹਾਲੇ ਪੁਲਿਸ ਦੇ ਹੱਥੇ ਨਹੀਂ ਚੜਿ੍ਆ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਏਡੀਸੀਪੀ ਸੁਡਰਵਿਲੀ ਦੀ ਅਗਵਾਈ ਹੇਠ ਸੀਆਈਏ-ਇਕ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਇੰਡਸਟਰੀਅਲ ਏਰੀਆ ਵਿਚ ਸਥਿਤ ਨੀਵੀਆ ਗਰਾਊਂਡ ਲਾਗਿਉਂ ਇਕ ਗੁਦਾਮ ਵਿਚ ਛਾਪੇਮਾਰੀ ਕਰ ਕੇ ਉਥੋਂ ਵੱਖ-ਵੱਖ ਮਾਰਕੇ ਦੀ ਨਾਜਾਇਜ਼ ਸ਼ਰਾਬ ਦੀਆਂ 675 ਪੇਟੀਆਂ ਬਰਾਮਦ ਕੀਤੀਆਂ ਅਤੇ ਦੋ ਸਮੱਗਲਰਾਂ ਕਿ੍ਸ਼ਨ ਕਾਂਤ ਵਾਸੀ ਮੁਸਲਿਮ ਕਾਲੋਨੀ, ਜਲੰਧਰ ਤੇ ਬਲਦੇਵ ਸਿੰਘ ਵਾਸੀ ਪਿੰਡ ਜੋਗੇ ਵਾਲਾ ਥਾਣਾ ਮਖੂ, ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਲਾਡੋਵਾਲੀ ਰੋਡ ਨੂੰ ਗਿ੍ਫ਼ਤਾਰ ਕਰ ਲਿਆ। ਇਨ੍ਹਾਂ ਦਾ ਇਕ ਸਾਥੀ ਦਲਜੀਤ ਸਿੰਘ ਉਰਫ਼ ਕਾਲਾ ਵਾਸੀ ਪਿੰਡ ਰਾਅਪੁਰ ਰਸੂਲਪੁਰ, ਥਾਣਾ ਮਕਸੂਦਾਂ ਹਾਲੇ ਪੁਲਿਸ ਦੇ ਹੱਥੇ ਨਹੀਂ ਚੜਿ੍ਆ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਸਮੱਗਲਰਾਂ ਖ਼ਿਲਾਫ਼ ਆਬਕਾਰੀ ਐਕਟ ਤੇ ਠੱਗੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਕ ਟਾਟਾ ਇੰਡੀਗੋ ਕਾਰ ਜਿਸ ਵਿਚ ਇਹ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਸਨ, ਵੀ ਕਬਜ਼ੇ ਵਿਚ ਲੈ ਲਈ ਹੈ।

ਬਲਦੇਵ ਸਿੰਘ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਮਾਮਲੇ

ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੱਗਲਰ ਬਲਦੇਵ ਸਿੰਘ ਖ਼ਿਲਾਫ਼ ਥਾਣਾ ਸਦਰ ਰਾਜਪੁਰਾ ਵਿਚ ਵੀ ਆਬਕਾਰੀ ਐਕਟ ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਜਦ ਪੁਲਿਸ ਪਾਰਟੀ ਨੇ ਉਸ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੇ ਆਪਣੀ ਗੱਡੀ ਇਕ ਮੁਲਾਜ਼ਮ ਉੱਪਰ ਚੜ੍ਹਾ ਦਿੱਤੀ ਸੀ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ।