ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਭੁੱਕੀ ਤੇ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਮੁਖਬਰੀ 'ਤੇ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਮੇਤ ਪਿੰਡ ਅਮਾਨਤਪੁਰ ਨੇੜੇ ਭੁੱਕੀ ਦੀ ਸਪਲਾਈ ਦੇਣ ਲਈ ਗਾਹਕ ਦੀ ਉਡੀਕਦੇ ਵਿਅਕਤੀ ਨੂੰ 4 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਦੀਪਕ ਲਾਲ ਉਰਫ ਆਕਾਸ਼ ਵਾਸੀ ਨਵੀਂ ਕੋਠੀ, ਪਿੰਡ ਸਰਾਏ ਖਾਸ, ਜਲੰਧਰ ਵਜੋਂ ਹੋਈ ਹੈ ਜਿਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਸੇ ਤਰ੍ਹਾਂ ਥਾਣੇਦਾਰ ਨਰੇਸ਼ ਪਾਲ ਨੇ ਪੁਲਿਸ ਮੁਲਾਜ਼ਮਾਂ ਨਾਲ ਪਿੰਡ ਅਮਾਨਤਪੁਰ ਨੇੜੇ ਪੈਦਲ ਜਾ ਰਹੇ ਵਿਅਕਤੀ ਕੋਲੋਂ 4 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਰਵੀ ਵਾਸੀ ਪਿੰਡ ਵਰਿਆਣਾ, ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੌਕੇ 'ਤੇ ਜ਼ਮਾਨਤ ਦੇ ਦਿੱਤੀ।