ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ : ਡੀਸੀ
ਟੀਵੀਐੱਸ ਗਰੁੱਪ ਕੰਪਨੀ ਵੱਲੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ’ਚ 30 ਲੱਖ ਰੁਪਏ ਦਾ ਯੋਗਦਾਨ
Publish Date: Thu, 13 Nov 2025 08:52 PM (IST)
Updated Date: Fri, 14 Nov 2025 04:13 AM (IST)

ਟੀਵੀਐੱਸ ਵੱਲੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ’ਚ 30 ਲੱਖ ਰੁਪਏ ਦਾ ਯੋਗਦਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੜ੍ਹ ਪੀੜਤਾਂ ਦੀ ਮਦਦ ਲਈ ਲੁਕਾਸ ਇੰਡੀਅਨ ਸਰਵਿਸ ਲਿਮ., ਲੁਕਾਸ ਟੀਵੀਐੱਸ ਲਿਮ. ਤੇ ਡੇਲਫੀ ਟੀਵੀਐੱਸ ਟੈਕਨਾਲੋਜੀਜ਼ ਲਿਮ. ਵੱਲੋਂ 10-10 ਲੱਖ ਰੁਪਏ (ਕੁੱਲ 30 ਲੱਖ ਰੁਪਏ) ਦਾ ਚੈੱਕ ਰੰਗਲਾ ਪੰਜਾਬ ਸੁਸਾਇਟੀ ਅਧੀਨ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਸੌਂਪਿਆ ਗਿਆ। ਇਹ ਚੈੱਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਜ਼ੋਨਲ ਹੈੱਡ ਸੰਜੀਵ ਕੁਮਾਰ ਅੱਤਰੀ ਨੇ ਭੇਟ ਕੀਤਾ। ਕੰਪਨੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪਾਏ ਗਏ ਇਸ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਹਾਇਤਾ ਰਾਸ਼ੀ ਕੁਦਰਤੀ ਆਫ਼ਤ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਨੂੰ ਔਖੀ ਘੜੀ ’ਚੋਂ ਬਾਹਰ ਕੱਢਣ ’ਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪ੍ਰਭਾਵਿਤ ਖੇਤਰਾਂ ’ਚ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ’ਤੇ ਖ਼ਰਚ ਕੀਤੀ ਜਾਵੇਗੀ। ਡਾ. ਅਗਰਵਾਲ ਨੇ ਕਿਹਾ ਕਿ ਸੰਕਟ ਦੇ ਸਮੇਂ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਯੋਗਦਾਨ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਗਾਤਾਰ ਯਤਨ ਕਰ ਰਹੀ ਹੈ ਤੇ ਦਾਨੀ ਸੱਜਣਾਂ ਵੱਲੋਂ ਵੀ ਪੰਜਾਬ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਨੁੱਖਤਾ ਦੀ ਸੇਵਾ ’ਚ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ।