ਮਦਨ ਭਾਰਦਵਾਜ, ਜਲੰਧਰ : ਇੰਪਰੂਵਮੈਂਟ ਟਰੱਸਟ ਨੇ ਗੁਰੂ ਅਮਰਦਾਸ ਕਾਲੋਨੀ ਦੀ ਸੁਸਾਇਟੀ ਦੇ ਉਸ ਇਤਰਾਜ਼ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਪੈਟਰੋਲ ਪੰਪ ਲਾਉਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਇੰਪਰੂਵਮੈਂਟ ਟਰੱਸਟ ਨੇ ਪੈਟਰੋਲ ਪੰਪ ਲਾਉਣ ਦੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ ਹੈ। ਇਸ ਸਬੰਧ ਵਿਚ ਇੰਪਰੂਵਮੈਂਟ ਟਰੱਸਟ ਦੀ ਇੰਜੀਨੀਅਰਿੰਗ ਬਰਾਂਚ ਨੇ ਜਿਹੜੀ ਰਿਪੋਰਟ ਦਿੱਤੀ ਹੈ, ਉਸ ਵਿਚ ਕਿਹਾ ਗਿਆ ਹੈ ਕਿ ਉਕਤ ਪੈਟਰੋਲ ਪੰਪ ਲਾਉਣ ਦੀ ਸਹੂਲਤ ਕਾਲੋਨੀ ਬਣਾਉਣ ਸਮੇਂ ਹੀ ਯੋਜਨਾ ਵਿਚ ਸ਼ਾਮਲ ਸੀ। ਉਕਤ ਰਿਪੋਰਟ ਜਿਹੜੀ ਕਿ ਟਰੱਸਟ ਦੀ ਈਓ ਸੁਰਿੰਦਰ ਕੁਮਾਰੀ ਨੂੰ ਦਿੱਤੀ ਗਈ ਹੈ, ਨੇ ਦੱਸਿਆ ਕਿ ਉਕਤ ਜ਼ਮੀਨ ਨਾਨ-ਕੰਸਟ੍ਰਕਸ਼ਨ ਜ਼ੋਨ ਦਾ ਹਿੱਸਾ ਨਹੀਂ ਸੀ ਇਸ ਲਈ ਉਥੇ ਪੈਟਰੋਲ ਪੰਪ ਲਾਉਣ ਦੀ ਕਾਰਵਾਈ ਉਚਿਤ ਕਰਾਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 2004 ਵਿਚ ਪੰਜਾਬ ਸਰਕਾਰ ਤੋਂ ਪੈਟਰੋਲ ਪੰਪ ਲਾਉਣ ਦੀ ਤਕਨੀਕੀ ਤੌਰ 'ਤੇ ਮਨਜ਼ੂਰੀ ਵੀ ਹਾਸਲ ਕਰ ਲਈ ਗਈ ਸੀ। ਉਨ੍ਹਾਂ ਦਸਿਆ ਕਿ ਕੁਝ ਸਮਾਂ ਪਹਿਲਾਂ ਗੁਰੂ ਅਮਰਦਾਸ ਨਗਰ ਵਸਨੀਕ ਵੈਲਫੇਅਰ ਸੁਸਾਇਟੀ ਨੇ ਉਨ੍ਹਾਂ ਨਾਲ ਮੁੜ ਮੁਲਾਕਾਤ ਕੀਤੀ ਸੀ ਪਰ ਉਸ ਸਮੇਂ ਰਿਪੋਰਟ ਤਿਆਰ ਨਹੀਂ ਸੀ ਤੇ ਹੁਣ ਰਿਪੋਰਟ ਦੀ ਜਾਣਕਾਰੀ ਸੁਸਾਇਟੀ ਨੂੰ ਭੇਜ ਦਿੱਤੀ ਜਾਵੇਗੀ।

———

ਇਨਹਾਂਸਮੈਂਟ ਦੇ 3 ਕਰੋੜ ਕਿਸਾਨਾਂ ਨੂੰ ਕੀਤੇ ਜਾਰੀ

ਇਸ ਦੌਰਾਨ ਈਓ ਸੁਰਿੰਦਰ ਕੁਮਾਰ ਨੇ ਦਸਿਆ ਕਿ ਇੰਪਰੂਵਮੈਂਟ ਟਰੱਸਟ ਨੇ ਕਿਸਾਨਾਂ ਨੂੰ 3 ਕਰੋੜ ਰੁਪਏ ਦੀ ਇਨਹਾਂਸਮੈਂਟ ਦੀ ਰਕਮ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵਿਚ ਇਨਹਾਂਸਮੈਂਟ ਦੀ ਲਗਪਗ ਸਾਢੇ 7 ਕਰੋੜ ਰੁਪਏ ਦੀ ਦੇਣਦਾਰੀ ਖੜ੍ਹੀ ਹੈ ਤੇ ਇਸ ਵਿਚੋਂ ਹੁਣ ਤਕ 3 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਉਕਤ 3 ਕਰੋੜ ਦੀ ਰਕਮ ਦੇ ਚੈੱਕ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੀ ਟਰੱਸਟ ਨੂੰ ਹੋਰ ਰਕਮ ਆਵੇਗੀ , ਬਾਕੀ ਰਕਮ ਦਾ ਵੀ ਭੁਗਤਾਨ ਕਰ ਦਿੱਤਾ ਜਾਵੇਗਾ।