ਰਾਕੇਸ਼ ਗਾਂਧੀ ਜਲੰਧਰ : ਲੰਮਾ ਪਿੰਡ ਵਿਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਇਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਜਦ ਪਰਿਵਾਰ ਦਾ ਇਕ ਮੈਂਬਰ ਚਾਹ ਬਣਾਉਣ ਲਈ ਗੈਸ ਜਲਾਉਣ ਲੱਗਾ ਤਾਂ ਇਕ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਨਾਲ ਸਾਰੇ ਘਰ ਵਿਚ ਅੱਗ ਲੱਗ ਗਈ ਅਤੇ ਘਰ ਵਿੱਚ ਰਹਿਣ ਵਾਲੇ ਚਾਰੂ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ।ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਛੋਟਾ ਬੱਚਾ ਹਸਪਤਾਲ ਵਿੱਚ ਜਾ ਕੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਇਕ ਔਰਤ ਅਤੇ 5 ਸਾਲ ਦਾ ਬੱਚਾ ਵੀ ਗੰਭੀਰ ਰੂਪ ਚ ਝੁਲਸ ਗਏ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਰਾਜ ਕੁਮਾਰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਲੰਮਾ ਪਿੰਡ ਵਿਚ ਰਹਿ ਰਿਹਾ ਸੀ। ਅੱਜ ਸਵੇਰੇ ਜਦ ਉਸ ਦੀ ਪਤਨੀ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਅਤੇ ਉਸ ਨੇ ਮਾਚਿਸ ਜਲਾਈ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਘਰ ਵਿਚ ਅੱਗ ਲੱਗ ਗਈ।ਘਰ ਵਿੱਚੋਂ ਚੀਖੋ ਪੁਕਾਰ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ।ਜਦ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ ਤਾਂ ਤਕ ਰਾਜ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਲੋਕਾਂ ਨੇ ਰਾਜ ਕੁਮਾਰ ਦੀ ਪਤਨੀ ਅਤੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡੇਢ ਸਾਲ ਦੇ ਬੱਚੇ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ।ਮੌਕੇ ਤੇ ਪਹੁੰਚੇ ਏਡੀਸੀਪੀ ਸਹੇਲ ਮੀਰ, ਏ ਸੀ ਪੀ ਇਨਵੈਸਟੀਗੇਸ਼ਨ ਨਿਰਮਲ ਸਿੰਘ, ਥਾਣਾ ਰਾਮਾਮੰਡੀ ਦੇ ਮੁਖੀ ਨਵਦੀਪ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਏਡੀਸੀਪੀ ਸੁਹੇਲ ਮੀਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਹੀ ਗੱਲ ਸਾਹਮਣੇ ਆਈ ਹੈ ਕਿ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਹੀ ਹਾਦਸਾ ਵਾਪਰਿਆ ਹੈ।ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖ਼ਲ ਪੰਜ ਸਾਲ ਦੇ ਬੱਚੇ ਦੀ ਹਾਲਤ ਗੰਭੀਰ ਹੈ।

Posted By: Tejinder Thind