ਕੁਲਵਿੰਦਰ ਸਿੰਘ, ਜਲੰਧਰ

ਜ਼ਿਲ੍ਹਾ ਅਕਾਲੀ ਜਥੇ ਨੇ ਰੋਸ ਪ੍ਰਦਰਸ਼ਨ ਦੌਰਾਨ ਵਿਰੋਧੀ ਪਾਰਟੀਆਂ ਨੂੰ ਭੰਡਣ ਲਈ ਕਿੰਨਰਾਂ ਦਾ ਸਹਾਰਾ ਲਿਆ ਪਰ ਸਥਿਤੀ ਉਸ ਵੇਲੇ ਹਾਸੋ ਹੀਣੀ ਹੋ ਗਈ ਜਦੋਂ ਕਿੰਨਰਾਂ ਨੇ ਅਰਵਿੰਦ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦਿਆਂ ਅਕਾਲੀ ਦਲ ਦੇ ਮੁਖੀ ਨੂੰ ਵੀ ਲਪੇਟ ਲਿਆ।

ਦਰਅਸਲ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਆਧਾਰ ਬਣਾਉਣ ਦੇ ਇਰਾਦੇ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਵੱਖ-ਵੱਖ ਥਾਈਂ ਰੋਸ ਮੁਜ਼ਾਹਰੇ ਕੀਤੇ ਗਏ। ਅਕਾਲੀ ਆਗੂਆਂ ਵੱਲੋਂ ਗੁਰੂ ਨਾਨਕ ਮਿਸ਼ਨ ਚੌਕ ਵਿਚ ਜਿੱਥੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਉਥੇ ਘੜਾ ਭੰਨ ਕੇ ਉਸ ਨੂੰ ਝੂਠ ਦਾ ਘੜਾ ਕਰਾਰ ਦੇ ਕੇ ਮੌਜੂਦਾ ਸਰਕਾਰ ਨੂੰ ਭੰਡਿਆ। ਅਕਾਲੀ ਆਗੂਆਂ ਨੇ ਵਿਰੋਧੀ ਪਾਰਟੀਆਂ ਨੂੰ ਭੰਡਣ ਲਈ ਉਚੇਚੇ ਤੌਰ 'ਤੇ ਕਿੰਨਰਾਂ ਨੂੰ ਵੀ ਬੁਲਾਇਆ ਜਿਨ੍ਹਾਂ ਨੇ ਵੱਖ-ਵੱਖ ਲੀਡਰਾਂ ਨੂੰ ਨਿੰਦਦੇ ਹੋਏ ਉਨ੍ਹਾਂ ਦੇ ਕੰਮਾਂ ਨੂੰ ਕੋਸਿਆ। ਪਰ ਉਨ੍ਹਾਂ ਬਾਕੀ ਲੀਡਰਾਂ ਦਾ ਨਾਮ ਲੈਂਦੇ ਲੈਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਇਤਰਾਜ਼ਯੋਗ ਸ਼ਬਦਾਵਲੀ ਵਰਤ ਦਿੱਤੀ। ਜਦੋਂ ਕਿੰਨਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੁਰਾ ਭਲਾ ਕਿਹਾ ਤਾਂ ਕੁਝ ਦੇਰ ਸਥਿਤੀ ਹਾਸੋਹੀਣੀ ਰਹੀ ਤੇ ਬਾਅਦ ਵਿਚ ਅਕਾਲੀ ਲੀਡਰਾਂ ਨੇ ਕਿੰਨਰਾਂ ਤੋਂ ਮਾਈਕ ਲੈ ਲਿਆ।