ਰਾਕੇਸ਼ ਗਾਂਧੀ, ਜਲੰਧਰ : ਪੰਜਾਬ ਸਰਕਾਰ ਵੱਲੋਂ ਤਿੰਨ ਆਈਪੀਐੱਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੀ ਸ਼ਾਮਲ ਹਨ। ਡਾ. ਗਿੱਲ ਦੀ ਜਗ੍ਹਾ ਨੌਨਿਹਾਲ ਸਿੰਘ ਆਈਪੀਐੱਸ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਸੁਖਚੈਨ ਸਿੰਘ ਗਿੱਲ ਆਈਪੀਐੱਸ ਨੂੰ ਫਿਰ ਤੋਂ ਅੰਮਿ੍ਤਸਰ ਦਾ ਪੁਲਿਸ ਕਮਿਸ਼ਨਰ ਲਾ ਦਿੱਤਾ ਗਿਆ ਹੈ। ਤੀਸਰੀ ਨਿਯੁਕਤੀ ਆਈਪੀਐੱਸ ਗੁਰਪ੍ਰਰੀਤ ਸਿੰਘ ਭੁੱਲਰ ਦੀ ਹੋਈ ਹੈ, ਜਿਨ੍ਹਾਂ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਐਕਸ਼ਨ ਵਿਚ ਆਉਂਦੇ ਹੋਏ ਕਈ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿਚੋਂ ਤਿੰਨ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕਰਨਾ ਵੀ ਸ਼ਾਮਲ ਹੈ। ਡਾ. ਸੁਖਚੈਨ ਸਿੰਘ ਗਿੱਲ ਜਿਨ੍ਹਾਂ ਨੂੰ ਹਾਲੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਸੀ, ਨੂੰ ਫਿਰ ਤੋਂ ਬਦਲ ਦਿੱਤਾ ਗਿਆ ਹੈ। ਹੁਣ ਜਲੰਧਰ ਦੀ ਕਮਾਨ ਆਈਪੀਐੱਸ ਨੌਨਿਹਾਲ ਸਿੰਘ ਦੇ ਹੱਥਾਂ ਵਿਚ ਹੈ, ਜੋ ਜਲਦ ਹੀ ਆਪਣਾ ਚਾਰਜ ਸੰਭਾਲਣਗੇ।