ਜਤਿੰਦਰ ਪੰਮੀ, ਜਲੰਧਰ

ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਉਮੀਦਵਾਰ 70 ਲੱਖ ਰੁਪਏ ਤਕ ਖਰਚ ਕਰ ਸਕਦਾ ਹੈ। ਇਹ ਚੋਣ ਖਰਚਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਭਰਨ ਦੀ ਮਿਤੀ ਤੋਂ ਲੈ ਕੇ ਵੋਟਾਂ ਦੀ ਗਿਣਤੀ ਤਕ ਤੇ ਜਿੱਤਣ ਮਗਰੋਂ ਕੀਤੇ ਗਏ ਖਰਚੇ ਨੂੰ ਗਿਣਿਆ ਜਾਵੇਗਾ। ਸਹਾਇਕ ਰਿਟਰਨਿੰਗ ਤੇ ਸਹਾਇਕ ਖ਼ਰਚਾ ਅਫ਼ਸਰਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਉਮੀਦਵਾਰਾਂ ਵੱਲੋਂ ਚੋਣਾਂ ਸਬੰਧੀ ਖਰਚ ਕੀਤਾ ਗਿਆ ਇਕ-ਇਕ ਪੈਸਾ ਉਨ੍ਹਾਂ ਦੇ ਚੋਣ ਖ਼ਰਚਿਆਂ 'ਚ ਜੋੜਿਆ ਜਾਵੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਨੂੰ ਉਨ੍ਹਾਂ ਦੇ ਚੋਣ ਖਾਤਿਆਂ 'ਚ ਪੂਰੀ ਦਰੁਸਤੀ ਨਾਲ ਜੋੜਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਆਰਓਜ਼ ਤੇ ਏਈਓਜ਼ ਦੇ ਵਿਸ਼ੇਸ਼ ਸਿਖਲਾਈ ਪ੍ਰਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਦਿੱਤੀ।

ਸਿਖਲਾਈ ਪ੍ਰਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਸਿਖਲਾਈ ਪ੍ਰਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਲੋਕ ਸਭਾ ਚੋਣਾਂ ਨੂੰ ਨਿਰਪੱਖ, ਸ਼ਾਂਤੀਮਈ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣਾ ਹੈ। ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਏਆਰਓਜ਼ ਤੇ ਏਈਓਜ਼ ਉਮੀਦਵਾਰਾਂ ਦੇ ਸ਼ੈਡੋ ਰਜਿਸਟਰ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾਵੇ ਤੇ ਇਸ ਨੂੰ ਉਮੀਦਵਾਰਾਂ ਵੱਲੋਂ ਚੋਣ ਖਰਚਿਆਂ ਲਈ ਲਾਏ ਰਜਿਸਟਰ ਨਾਲ ਨਿਯਮਤ ਤੌਰ 'ਤੇ ਮਿਲਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਇਸ ਅਹਿਮ ਡਿਊਟੀ 'ਚ ਕਿਸੇ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੋਣ ਖ਼ਰਚਾ ਆਬਜ਼ਰਵਰ ਅਮਿਤ ਸ਼ੁਕਲਾ ਨੇ ਕਿਹਾ ਕਿ ਸਹਾਇਕ ਖਰਚਾ ਅਫ਼ਸਰ ਲੋਕ ਸਭਾ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਸ ਲਈ ਸਹਾਇਕ ਖ਼ਰਚਾ ਆਬਜ਼ਰਵਰਾਂ ਨੂੰ ਵੀਡੀਓ ਸਰਵੇਲੈਂਸ ਟੀਮਾਂ, ਖ਼ਰਚਾ ਟੀਮਾਂ, ਵੀਡੀਓ ਵਿਊਵਿੰਗ ਟੀਮਾਂ ਤੇ ਹੋਰ ਟੀਮਾਂ ਨਾਲ ਬਿਹਤਰ ਤਾਲਮੇਲ ਲਈ ਰੋਜ਼ਾਨਾ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ।

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ, ਰਾਜੇਸ਼ ਸ਼ਰਮਾ ਅਤੇ ਚਾਰੂਮਿਤਾ ਸ਼ੇਖਰ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚਿਆਂ 'ਤੇ ਬਾਰੀਕੀ ਨਾਲ ਨਿਗਰਾਨੀ ਰੱਖਣ ਲਈ ਵੀਡੀਓ ਸਰਵੇਲੈਂਸ ਟੀਮਾਂ, ਵੀਡੀਓ ਵਿਊਵਿੰਗ ਟੀਮਾਂ, ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ, ਉੱਡਣ ਦਸਤਿਆਂ, ਸਟੈਟਿਕ ਸਰਵੇਲੈਂਸ ਟੀਮਾਂ, ਖ਼ਰਚਾ ਟੀਮਾਂ ਤੇ ਹੋਰ ਟੀਮਾਂ ਨੂੰ ਪ੍ਰਰੈਜੈਂਟੇਸ਼ਨ ਰਾਹੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਸਮਾਰਟ ਸਿਟੀ ਜਤਿੰਦਰ ਜ਼ੋਰਵਾਲ, ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ, ਅਮਿਤ ਕੁਮਾਰ ਪੰਚਾਲ, ਡਾ. ਸੰਜੀਵ ਸ਼ਰਮਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਡਾ. ਨਯਨ ਜੱਸਲ, ਤਹਿਸੀਲਦਾਰ ਚੋਣਾਂ ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ।