ਜੇਐੱਨਐੱਨ, ਜਲੰਧਰ : ਇੱਥੇ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਮੰਗਲਵਾਰ ਸਵੇਰੇ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਹਾਦਸਾ ਹੋਇਆ ਹੈ। ਇਨਸਾਨੀਅਤ ਵੀ ਸ਼ਰਮਸਾਰ ਹੋਈ ਹੈ। ਅਣਪਛਾਤੇ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਤੋਂ ਬਾਅਦ ਦਾ ਦ੍ਰਿਸ਼ ਅੱਖੀਂ ਦੇਖਣ ਲਾਇਕ ਨਹੀਂ। ਟੱਕਰ ਤੋਂ ਬਾਅਦ ਉਸ ਦੀ ਲਾਸ਼ ਹਾਈਵੇ ਦੇ ਵਿਚਕਾਰ ਪਈ ਰਹੀ। ਕਿਸੇ ਵੀ ਡਰਾਈਵਰ ਨੇ ਵਾਹਨ ਰੋਕ ਕੇ ਉਸ ਨੂੰ ਸਾਈਡ 'ਤੇ ਕਰਨ ਦੀ ਜ਼ਹਿਮਤ ਨਾ ਚੁੱਕੀ। ਉਸ ਤੋਂ ਬਾਅਦ ਲਾਸ਼ ਦੇ ਉੱਪਰੋਂ ਇਕ ਤੋਂ ਬਾਅਦ ਇਕ ਕਰੀਬ 100 ਗੱਡੀਆਂ ਲੰਘ ਗਈਆਂ। ਲਾਸ਼ ਦੇ ਸੈਂਕੜੇ ਟੁੱਕੜੇ ਹੋ ਗਏ ਜਿਹੜੇ ਪੂਰੇ ਹਾਈਵੇ 'ਤੇ ਫੈਲ ਗਏ। ਹਾਈਵੇ ਤੋਂ ਲੰਘਣ ਵਾਲਾ ਕੋਈ ਵੀ ਸ਼ਖ਼ਸ ਇਸ ਨੂੰ ਅੱਖਾਂ ਨਾਲ ਨਹੀਂ ਦੇਖ ਪਾ ਰਿਹਾ ਸੀ।

ਮੰਗਲਵਾਰ ਸਵੇਰੇ ਸਥਾਨਕ ਲੋਕਾਂ ਨੂੰ ਜਦੋਂ ਪਤਾ ਚੱਲਿਆ ਤਾਂ ਉਨ੍ਹਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਦੇ ਟੁਕੜੇ ਇਕੱਤਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਮਾ ਮੰਡੀ ਥਾਣੇ ਦੇ ਜਸਵੀਰ ਸਿੰਘ ਨੇ ਕਿਹਾ ਕਿ ਆਸਪਾਸ ਦੋ ਲੋਕਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਮਰਨ ਵਾਲਾ ਕੌਣ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Posted By: Seema Anand