ਜੇਐਨਐਨ, ਜਲੰਧਰ : ਭਾਰਤੀ ਹਾਕੀ ਟੀਮ ਲਈ ਟੋਕੀਓ ਓਲੰਪਿਕ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸ਼ਨੀਵਾਰ ਨੂੰ ਨਿਊੁਜ਼ੀਲੈਂਡ ਖਿਲਾਫ਼ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਭਾਰਤੀ ਟੀਮ ਨੇ 3-2 ਨਾਲ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਵਿਚ ਕਪਤਾਨ ਮਨਪ੍ਰੀਤ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਦੀ ਅਗਵਾਈ ਵਿਚ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਲੰਬੇ ਸਮੇਂ ਬਾਅਦ ਸ਼ਾਨਦਾਰ ਲੈਅ ਵਿਚ ਨਜ਼ਰ ਆਈ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਲੰਧਰ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਸਵੇਰੇ ਹੀ ਸਾਰਾ ਪਰਿਵਾਰ ਦਿਲੋਂ ਦੁਆਵਾਂ ਦਿੰਦਾ ਹੋਇਆ ਮੈਚ ਦੇਖ ਰਿਹਾ ਸੀ ਅਤੇ ਟੀਮ ਇੰਡੀਆ ਦੀ ਪਹਿਲੀ ਜਿੱਤ ਨਾਲ ਖੁਸ਼ ਹੋ ਗਏ।

ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਵਧੀਆ ਪ੍ਰਦਰਸ਼ਨ ਕਰ ਕੇ ਇਸ ਮੁਕਾਮ ’ਤੇ ਪਹੁੰਚਿਆ ਹੈ। ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਉਹ ਓਲੰਪਿਕ ਵਿਚ ਭਾਰਤੀ ਦਲ ਦੀ ਅਗਵਾਈ ਕਰ ਰਿਹਾ ਹੈ ਅਤੇ ਪਹਿਲੇ ਹੀ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਨਪ੍ਰੀਤ ਵਰਗੇ ਬਣਨ ਲਈ ਖੂਬ ਮਿਹਨਤ ਕਰੋ। ਖੇਡ ਕੋਈ ਵੀ ਹੋ, ਉਸ ਜਨੂੰਨ ਦੇ ਨਾਲ ਖੇਡੋ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਟੀਮ ਇਸ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ ਅਤੇ ਇਤਿਹਾਸ ਬਣਾ ਕੇ ਪਰਤੇਗੀ।

ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਸਟਰਾਈਕਰ ਮਨਦੀਪ ਸਿੰਘ ਦਾ ਪਰਿਵਾਰ ਵੀ ਭਾਰਤੀ ਟੀਮ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦਾ ਜੇਤੂ ਕਾਫਲਾ ਇਸੇ ਤਰ੍ਹਾਂ ਜਾਰੀ ਰਹੇਗਾ। ਪੂਰੀ ਕੌਮ ਦੀਆਂ ਅਰਦਾਸ ਖਿਡਾਰੀਆਂ ਨਾਲ ਹੈ। ਮੈਚ ਤੋਂ ਪਹਿਲਾਂ ਮਨਦੀਪ ਨੇ ਆਪਣੀ ਮਾਂ ਦਵਿੰਦਰਜੀਤ ਕੌਰ ਨਾਲ ਗੱਲਬਾਤ ਕੀਤੀ ਸੀ। ਮਨਦੀਪ ਸਿੰਘ ਨੇ ਕਿਹਾ ਕਿ ਪਹਿਲੇ ਮੈਚ ਵਿੱਚ ਕੋਈ ਦਬਾਅ ਨਹੀਂ ਹੁੰਦਾ। ਟੀਮ ਇਕਸੁਰਤਾ ਦੇ ਨਾਲ ਮੈਦਾਨ ਵਿਚ ਪ੍ਰਵੇਸ਼ ਕਰੇਗੀ ਅਤੇ ਬਿਹਤਰ ਪ੍ਰਦਰਸ਼ਨ ਕਰੇਗੀ. ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਓਲੰਪਿਕ -2020 ਵਿੱਚ, ਹਾਕੀ ਵਿੱਚ ਜਲੰਧਰ ਦੇ ਚਾਰ ਖਿਡਾਰੀ ਹਨ। ਮਿਠਾਪੁਰ ਤੋਂ ਮਨਪ੍ਰੀਤ, ਮਨਦੀਪ ਅਤੇ ਵਰੁਣ ਅਤੇ ਖੁਸਰੋਪੁਰ ਤੋਂ ਹਾਰਦਿਕ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ। ਦੇਸ਼ ਨੂੰ ਵੱਡੀਆਂ ਉਮੀਦਾਂ ਹਨ, ਖ਼ਾਸਕਰ ਕਪਤਾਨ ਮਨਪ੍ਰੀਤ ਤੋਂ।

Posted By: Tejinder Thind