v> ਜਤਿੰਦਰ ਪੰਮੀ, ਜਲੰਧਰ : ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਅੰਦਰ ਸਾਰੇ ਬੈਂਕ 30 ਤੇ 31 ਮਾਰਚ ਨੂੰ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਹੈ। ਇਸ ਨਾਲ ਹੀ ਉਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਬੈਂਕ ਆਮ ਜਨਤਾ ਲਈ ਨਹੀਂ ਖੋਲ੍ਹੇ ਗਏ, ਇਹ ਸਿਰਫ ਉਹ ਲੋਕ ਹੀ ਬੈਂਕ 'ਚ ਨਕਦ ਰਾਸ਼ੀ ਕਢਵਾਉਣ ਲਈ ਜਾ ਸਕਦੇ ਹਨ, ਜਿਨ੍ਹਾਂ ਕੋਲ ਏਟੀਐਮ ਦੀ ਸਹੂਲਤ ਨਹੀਂ ਹੈ। ਇਸ ਤੋਂ ਇਲਾਵਾ ਵਪਾਰੀ ਲੋਕ ਵੀ ਬੈਂਕ ਜਾ ਸਕਣਗੇ, ਜਿਨ੍ਹਾਂ ਨੇ ਕਾਰੋਬਾਰ ਲਈ ਨਕਦੀ ਕਢਵਾਉਣੀ ਜਾਂ ਜਮ੍ਹਾਂ ਕਰਵਾਉਣੀ ਹੈ। ਡਿਪਟੀ ਕਮਿਸ਼ਨਰ ਨੇ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਬੈਂਕ ਨਾ ਜਾਣ ਸਗੋਂ ਉਨ੍ਹਾਂ ਲੋੜਵੰਦਾਂ ਨੂੰ ਬੈਂਕਾਂ 'ਚ ਜਾਣ ਦਾ ਮੌਕਾ ਦਿੱਤਾ ਜਾਵੇ ਜਿਨ੍ਹਾਂ ਕੋਲੋਂ ਏਟੀਐਮ ਨਾ ਹੋਣ ਕਰਕੇ ਨਕਦੀ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਬੈਂਕ 'ਚ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋ ਕੇ ਜਾਣ ਤੇ ਵਾਪਸ ਆ ਕੇ ਵੀ ਚੰਗੀ ਤਰ੍ਹਾਂ ਨਾਲ ਹੱਥ ਸਾਫ ਕਰਨ। ਬਾਕੀ ਲੋਕ ਜਿਨ੍ਹਾਂ ਨੂੰ ਨਕਦੀ ਚਾਹੀਦੀ ਹੈ ਉਹ ਏਟੀਐੱਮਜ਼ 'ਚੋਂ ਕੈਸ਼ ਕਢਵਾ ਸਕਦੇ ਹਨ ਪਰ ਬੈਂਕ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਏਟੀਐਮ ਗਾਰਡ ਵਾਲਾ ਹੀ ਖੋਲ੍ਹਿਆ ਜਾਵੇ ਤਾਂ ਜੋ ਉਹ ਏਟੀਐਮ ਨੂੰ ਸੈਨੇਟਾਈਜ਼ ਕਰਦਾ ਰਹੇ। ਲੋੜਵੰਦਾਂ ਨੂੰ ਰਾਸ਼ਨ, ਸਮੱਗਰੀ ਪਹੁੰਚਾਉਣ ਦਾ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਤਕ ਲੰਗਰ ਪਹੁੰਚਾਇਆ ਜਾ ਰਿਹਾ ਹੈ ਤੇ ਰਾਸ਼ਨ ਸਮੱਗਰੀ ਵੀ ਸਮਾਜ ਸੇਵੀ ਸੰਸਥਾਵਾਂ ਰਾਹੀਂ ਪੁੱਜਦੀ ਕੀਤੀ ਜਾ ਰਹੀ ਹੈ।

Posted By: Amita Verma