ਅਮਰਜੀਤ ਸਿੰਘ ਵੇਹਗਲ, ਜਲੰਧਰ : ਨਿਊ ਜਵਾਲਾ ਨਗਰ, ਮਕਸੂਦਾਂ 'ਚ ਤੰਬਾਕੂ ਸਮੱਗਰੀ ਵੇਚਣ ਵਾਲੇ ਦੁਕਾਨਦਾਰ ਵਿਰੁੱਧ ਸਿੱਖ ਤਾਲਮੇਲ ਕਮੇਟੀ ਵੱਲੋਂ ਮੌਕੇ 'ਤੇ ਪੁੱਜ ਕੇ ਥਾਣਾ-1 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰਰੀਤ ਸਿੰਘ ਨੀਟੂ, ਰਣਜੀਤ ਸਿੰਘ ਗੋਲਡੀ, ਤਜਿੰਦਰ ਸਿੰਘ ਸੰਤਨਗਰ, ਗੁਰਜੀਤ ਸਿੰਘ ਸਤਨਾਮੀਆ, ਵਿੱਕੀ ਸਿੰਘ ਖਾਲਸਾ ਆਦਿ ਵੱਲੋਂ ਮੌਕੇ 'ਤੇ ਪੁੱਜ ਕੇ ਗੁਰੂ ਕ੍ਰਿਪਾ ਨਾਂ ਹੇਠ ਦੁਕਾਨ ਚਲਾ ਰਹੀ ਅੌਰਤ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਪਰਵਾਸੀ ਮਜ਼ਦੂਰਾਂ ਦੀ ਸਹੂਲਤ ਲਈ ਤੰਬਾਕੂ ਯੁਕਤ ਵਸਤਾਂ ਵੇਚੀਆਂ ਜਾਂਦੀਆਂ ਹਨ। ਮੌਕੇ 'ਤੇ ਹੀ ਥਾਣਾ-1 ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਸੱਦਿਆ ਗਿਆ ਤੇ ਤੰਬਾਕੂ ਯੁਕਤ ਵਸਤਾਂ ਜ਼ਬਤ ਕਰ ਲਈਆਂ ਗਈਆਂ। ਦੁਕਾਨ 'ਤੇ ਗੁਰੂ ਨਾਨਕ ਦੇਵ ਜੀ ਦੀ ਲੱਗੀ ਫੋਟੋ ਵਾਲਾ ਬੋਰਡ ਲੁਹਾ ਦਿੱਤਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ, ਹਰਪ੍ਰਰੀਤ ਸਿੰਘ ਨੀਟੂ ਨੇ ਦੱਸਿਆ ਕਿ ਦੁਕਾਨ ਚਲਾ ਰਹੀ ਅੌਰਤ ਨੂੰ ਦੋ ਵਾਰ ਤਾੜਨਾ ਕੀਤੀ ਗਈ ਸੀ ਪਰ ਤੰਬਾਕੂ ਯੁਕਤ ਵਸਤਾਂ ਜਿਉਂ ਦੀਆਂ ਤਿਉਂ ਵੇਚੀਆਂ ਜਾ ਰਹੀਆਂ ਸਨ। ਸੋਮਵਾਰ ਫਿਰ ਮੌਕੇ 'ਤੇ ਪੁੱਜ ਕੇ ਪੁਲਿਸ ਦੀ ਸਹਾਇਤਾ ਨਾਲ ਉਕਤ ਵਸਤਾਂ ਚੁਕਵਾਈਆਂ ਗਈਆਂ। ਇਸ ਸਬੰਧੀ ਥਾਣਾ-1 ਦੇ ਸਬ ਇੰਸਪੈਕਟਰ ਨਰਿੰਦਰ ਮੋਹਨ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਤੇ ਮੌਕੇ ਤੋਂ ਦੁਕਾਨ ਵਿੱਚੋਂ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲਾ ਬੋਰਡ ਵੀ ਲੁਹਾ ਦਿੱਤਾ ਗਿਆ ਹੈ। ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।