ਜੇਐੱਨਐੱਨ, ਜਲੰਧਰ : ਅਫਰੀਕਾ ਦੇਸ਼ ਘਾਨਾ ਦੇ ਸ਼ਹਿਰ ਆਖਰਾ 'ਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਵਿਚ ਜਲੰਧਰ ਦੇ ਜਮਸ਼ੇਰ ਖਾਸ, ਥਾਣਾ ਸਦਰ ਵਾਸੀ ਜਗਤਾਰ ਸਿੰਘ ਉਰਫ ਤਾਰਾ ਨੇ ਵੀਡੀਓ ਵਿਚ ਕਿਹਾ ਕਿ ਇਕ ਸਾਲ ਚਾਰ ਮਹੀਨੇ ਪਹਿਲਾਂ ਥਾਣਾ ਕੈਂਟ ਦੇ ਪਿੰਡ ਧੀਣਾ ਦੇ ਟਰੈਵਲ ਏਜੰਟ ਪੀਟਰ ਨੂੰ ਉਨ੍ਹਾਂ ਪੁਰਤਗਾਲ ਜਾਣ ਲਈ 12-12 ਲੱਖ ਰੁਪਏ ਦਿੱਤੇ ਸਨ। ਪੀਟਰ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪਹਿਲਾਂ ਅਫਰੀਕਾ ਵੈਸਟ ਘਾਨਾ ਦੇ ਸ਼ਹਿਰ ਆਖਰਾ ਭੇਜੇਗਾ ਜਿੱਥੋਂ ਉਨ੍ਹਾਂ ਨੂੰ ਅੱਗੇ ਪੁਰਤਗਾਲ ਭੇਜਿਆ ਜਾਵੇਗਾ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਤੇ ਨਹੀਂ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਕੋਲ ਪੈਸੇ ਖਤਮ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਪਾਸਪੋਰਟ ਆਖਰਾ ਵਿਚ ਰਹਿਣ ਵਾਲੇ ਮਕਾਨ ਮਾਲਕਾਂ ਨੇ ਜ਼ਬਤ ਕਰ ਲਏ ਹਨ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਮਕਾਨ ਮਾਲਕਾਂ ਨੇ 15 ਦਿਨ ਦਾ ਸਮਾਂ ਦਿੰਦਿਆਂ 300 ਡਾਲਰ ਕਿਰਾਇਆ ਦੇਣ ਲਈ ਕਿਹਾ ਹੈ, ਨਹੀਂ ਤਾਂ ਉਨ੍ਹਾਂ ਨੂੰ ਪੁਲਿਸ ਹਵਾਲੇ ਕਰਨ ਦੀ ਧਮਕੀ ਦਿੱਤੀ ਹੈ।

ਵੀਡੀਓ ਜਾਰੀ ਕਰ ਕੇ ਪੀੜਤ ਨੌਜਵਾਨਾਂ ਨੇ ਐੱਮਪੀ ਭਗਵੰਤ ਮਾਨ, ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਤੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੀੜਤ ਨੌਜਵਾਨਾਂ ਨੂੰ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿਚ ਆਇਆ ਹੈ। ਉਹ ਯਤਨ ਕਰਨਗੇ ਕਿ ਜਲਦ ਹੀ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ।