ਰਾਕੇਸ਼ ਗਾਂਧੀ, ਜਲੰਧਰ : ਥਾਣਾ-6 ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨਸ਼ੇੜੀਆਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਬਬੀਤਾ ਰਾਣੀ ਪਤਨੀ ਮਨੋਜ ਕੁਮਾਰ ਵਾਸੀ ਅਰਬਨ ਸਟੇਟ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਰਿਕਸ਼ਾ 'ਤੇ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਹੱਥੋਂ ਪਰਸ ਝਪਟ ਲਿਆ ਤੇ ਫਰਾਰ ਹੋ ਗਏ। ਬਬੀਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਪੁਲਿਸ ਨੇ ਜਾਂਚ ਸੁਰੂ ਕੀਤੀ। ਸੋਮਵਾਰ ਸਵੇਰੇ ਏਐੱਸਆਈ ਰਾਕੇਸ਼ ਕੁਮਾਰ ਨੇ ਪੁਲਿਸ ਸਮੇਤ ਜੌਹਲ ਮਾਰਕੀਟ 'ਚ ਨਾਕੇਬੰਦੀ ਹੋਈ ਸੀ। ਇਕ ਮੋਟਰਸਾਈਕਲ 'ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਤਿੰਨਾਂ ਨੂੰ ਥਾਣੇ ਲਿਜਾਇਆ ਗਿਆ। ਉਕਤ ਨੌਜਵਾਨਾਂ ਦੀ ਪਛਾਣ ਕਰਨ ਵਾਸੀ ਬੂਟਾਂ ਪਿੰਡ, ਮਨਦੀਪ ਸਿੰਘ ਉਰਫ਼ ਦੀਪੂ ਵਾਸੀ ਗਾਖਲਾਂ ਲਾਂਬੜਾ ਤੇ ਜਤਿੰਦਰ ਕੁਮਾਰ ਵਾਸੀ ਬੂਟਾਂ ਪਿੰਡ ਵਜੋਂ ਹੋਈ ਹੈ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਮਾਡਲ ਟਾਊਨ ਇਲਾਕੇ 'ਚ ਕਈ ਵਾਰਦਾਤਾਂ ਕਰਨੀਆਂ ਕਬੂਲ ਕੀਤੀਆਂ। ਤਿੰਨੇ ਨੌਜਵਾਨ ਨਸ਼ੇ ਦੇ ਆਦੀ ਹਨ ਤੇ ਨਸ਼ਾ ਖ਼ਰੀਦਣ ਲਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤਿੰਨਾਂ ਖ਼ਿਲਾਫ਼ ਕਈ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਲਈ ਤਿੰਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦੌਰਾਨ ਲੁੱਟਾਂ ਖੋਹਾਂ ਦੇ ਕਈ ਹੋਰ ਮਾਮਲੇ ਹੱਲ ਹੋਣ ਦੀ ਸੰਭਾਵਨਾ ਹੈ ਤੇ ਇਨ੍ਹਾਂ ਕੋਲੋਂ ਬਰਾਮਦਗੀ ਵੀ ਕੀਤੀ ਜਾਵੇਗੀ।