ਰਾਕੇਸ਼ ਗਾਂਧੀ, ਜਲੰਧਰ : ਥਾਣਾ ਲਾਂਬੜਾ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਉਸ ਵੇਲੇ ਅੰਮਿ੍ਤਸਰ ਵਾਸੀ ਤਿੰਨ ਸਮੱਗਲਰਾਂ ਨੂੰ ਇੱਕ ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਕਰ ਲਿਆ ਜਦ ਉਹ ਆਪਣੀ ਇਨੋਵਾ ਗੱਡੀ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਸਨ। ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਲਾਂਬੜਾ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਏਐੱਸਆਈ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਚਿੱਟੀ ਮੋੜ ਲਾਂਬੜਾ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਨੋਵਾ ਗੱਡੀ ਨੰਬਰ ਪੀਬੀ 02 ਵੀ 0093 ਵਿੱਚ ਨਸ਼ੇ ਦੇ ਸਮੱਗਲਰ ਹੈਰੋਇਨ ਦੀ ਸਪਲਾਈ ਦੇਣ ਲਈ ਗਾਹਕ ਦੀ ਉਡੀਕ ਵਿੱਚ ਸਿਟੀ ਕਾਲਜ ਰੋਡ ਤੇ ਬੈਠੇ ਹੋਏ ਹਨ। ਪੁਲਿਸ ਪਾਰਟੀ ਨੇ ਤੁਰੰਤ ਉਕਤ ਥਾਂ 'ਤੇ ਛਾਪੇਮਾਰੀ ਕਰਕੇ ਤਿੰਨ ਸਮੱਗਲਰਾਂ ਪ੍ਰਦੀਪ ਕੁਮਾਰ ਉਰਫ ਦੀਪੂ ਵਾਸੀ ਹਕੀਮਾਂ ਗੇਟ ਅੰਮਿ੍ਤਸਰ, ਸੰਦੀਪ ਕੁਮਾਰ ਵਾਸੀ ਬਟਾਲਾ ਰੋਡ ਅੰਮਿ੍ਤਸਰ ਅਤੇ ਕੁਲਦੀਪ ਸਿੰਘ ਉਰਫ ਲੱਲੋ ਵਾਸੀ ਨਗੀਨਾ ਐਵੀਨਿਊ ਅੰਮਿ੍ਤਸਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਉਨ੍ਹਾਂ ਦੀ ਇਨੋਵਾ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇੱਕ ਕਰੋੜ ਰੁਪਏ ਆਂਕੀ ਗਈ ਹੈ। ਤਿੰਨਾਂ ਮੁਲਜ਼ਮਾਂ ਖਿਲਾਫਮਾਮਲਾ ਦਰਜ ਕਰ ਦਿੱਤਾ ਗਿਆ ਹੈ।