ਰਾਕੇਸ ਗਾਂਧੀ ਜਲੰਧਰ : ਥਾਣਾ ਨੰ ਤਿੰਨ ਦੀ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਕਦੀ ਮੋਬਾਇਲ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਕਿਸ਼ੋਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਦਮੋਰੀਆ ਪੁਲ ਲਾਗੇ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਕਿ ਇਕ ਮੋਟਰਸਾਈਕਲ ਉੱਪਰ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਟੱਕਰ ਮਾਰ ਕੇ ਹੇਠਾਂ ਡਿੱਗਾ ਦਿੱਤਾ ਤੇ ਉਸ ਦੀ ਜੇਬ 'ਚੋਂ 6 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਲੁਟੇਰਿਆਂ ਦਾ ਮੋਟਰਸਾਈਕਲ ਨੰਬਰ ਨੋਟ ਕਰ ਲਿਆ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮੰਗਲਵਾਰ ਸਵੇਰੇ ਏਐੱਸਆਈ ਰਾਮ ਸਿੰਘ ਪੁਲਿਸ ਪਾਰਟੀ ਸਮੇਤ ਕਿਸ਼ਨਪੁਰਾ ਮੌਜੂਦ ਸੀ ਕਿ ਉਕਤ ਨੰਬਰ ਦੇ ਮੋਟਰਸਾਈਕਲ 'ਤੇ ਘੁੰਮਦੇ ਹੋਏ ਦੋ ਨੌਜਵਾਨਾਂ ਮੋਹਿਤ ਕੁਮਾਰ ਉਰਫ ਘੁੱਲਾ ਵਾਸੀ ਸੱਗਰਾਂ ਮੁਹੱਲਾ ਤੇ ਆਕਾਸ਼ ਗਿੱਲ ਵਾਸੀ ਮੁਹੱਲਾ ਕਰਾਰ ਖਾਂ ਨੂੰ ਕਾਬੂ ਕਰ ਲਿਆ। ਉਸ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਤੀਜੇ ਸਾਥੀ ਕਰਨ ਥਾਪਰ ਉਰਫ ਮੱਦੂ ਵਾਸੀ ਫਤਿਹਪੁਰੀ ਮਹੱਲਾਂ ਨੂੰ ਵੀ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜੇ 'ਚੋਂ ਨਕਦੀ 6 ਹਜ਼ਾਰ ਰੁਪਏ,2 ਮੋਬਾਈਲ ਵੀ ਬਰਾਮਦ ਕਰ ਲਏ। ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਕੋਲੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਉਮੀਦ ਹੈ ਕਿ ਲੁੱਟਾਂ ਖੋਹਾਂ ਦੇ ਹਵਾਲਗੀ ਮਾਮਲੇ ਹੱਲ ਹੋਣਗੇ ਤੇ ਲੁੱਟ ਖੋਹ ਦਾ ਸਾਮਾਨ ਵੀ ਬਰਾਮਦ ਕੀਤਾ ਜਾ ਸਕੇਗਾ।