ਜਤਿੰਦਰ ਪੰਮੀ, ਜਲੰਧਰ : ਸ਼ਨਿੱਚਰਵਾਰ ਨੂੰ ਦਿਹਾਤ ਇਲਾਕੇ 'ਚੋਂ 3 ਮਰੀਜ਼ਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਨਾਲ ਮਰੀਜ਼ਾਂ ਗਿਣਤੀ 250 ਤਕ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਸ਼ਨਿਚੱਰਵਾਰ ਰਾਤ ਨੂੰ ਬਿਲਗਾਂ ਦੇ ਪਿੰਡ ਡੱਲਾ ਤੋਂ 38 ਸਾਲਾ ਅੌਰਤ ਤੇ 15 ਸਾਲਾ ਲੜਕੇ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਹ ਦੋਵੇਂ ਬੀਤੀ ਦਿਨੀਂ ਪਾਜ਼ੇਟਿਵ ਪਾਏ ਗਏ ਪਿੰਡ ਦੇ ਹੀ ਮਰੀਜ਼ ਦੇ ਭਾਬੀ ਤੇ ਭਤੀਜਾ ਹਨ। ਤੀਸਰਾ ਮਰੀਜ਼ ਪਿੰਡਾ ਬੋਪਾਰਾਏ ਦਾ 24 ਸਾਲਾ ਨੌਜਵਾਨ ਹੈ। ਇਸਨੂੰ ਕੋਰੋਨਾ ਹੋਣ ਦਾ ਕਾਰਨ ਲੱਭਿਆ ਜਾ ਰਿਹਾ ਹੈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਨੂੰ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ ਇਕ ਮਹਿਲਾ, ਇਕ ਬੱਚਾ ਤੇ ਇਕ ਨੌਜਵਾਨ ਸ਼ਾਮਲ ਹੈ। ਇਸ ਨਾਲ ਮਰੀਜ਼ਾਂ ਦੀ ਗਿਣਤੀ 250 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚੋਂ 186 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਭੇਜੇ ਗਏ ਹਨ। ਸ਼ਨਿੱਚਰਵਾਰ ਨੂੰ 195 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਕੁੱਲ ਮਰੀਜ਼ਾਂ ਦੀ ਗਿਣਤੀ 250 ਹੈ। ਜਿਸ 'ਚੋਂ 209 ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇ ਘਰ ਭੇਜਿਆ ਜਾ ਚੁੱਕਾ ਹੈ। ਬਾਕੀ ਬਚੇ 21 ਮਰੀਜ਼ ਸਿਵਲ ਹਸਪਤਾਲ, 11 ਸ਼ਾਹਕੋਟ ਤੇ ਇਕ ਲੁਧਿਆਣਾ ਵਿਖੇ ਦਾਖਲ ਹਨ।

-- ਡੀਪੀਐੱਮ ਤੇ ਡੀਐੱਫਪੀਓ ਵਿਵਾਦ ਦਾ ਮਾਮਲਾ ਫਿਰ ਉੱਠਿਆ

ਸਿਵਲ ਸਰਜਨ ਦਫਤਰ 'ਚ ਐੱਨਐੱਚਐੱਮ ਸਟਾਫ ਦੀ ਕੋਵਿਡ 'ਚ ਡਿਊਟੀ ਲਗਾਉਣ ਕਾਰਨ ਡਿਸਟਿ੍ਕ ਪ੍ਰਰੋਗਰਾਮ ਮੈਨੇਜਰ (ਡੀਪੀਐੱਮ) ਅਤੇ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ (ਡੀਐੱਫਪੀਓ) 'ਚ ਹੋਏ ਵਿਵਾਦ ਦਾ ਮਾਮਲਾ ਕਰੀਬ ਇਕ ਮਹੀਨੇ ਬਾਅਦ ਮੁੜ ਭਖ਼ ਗਿਆ ਹੈ। ਮੁਲਾਜ਼ਮਾਂ ਨੇ ਸਿਵਲ ਸਰਜਨ ਦਫਤਰ ਦੇ ਅਫਸਰਾਂ 'ਤੇ ਉਨ੍ਹਾਂ ਦੀਆਂ ਡਿਊਟੀਆਂ ਲਗਾਉਣ ਲਈ ਸਰਕਾਰ ਦੀਆਂ ਨੀਤੀਆਂ ਨੂੰ ਦਰਕਿਨਾਰ ਕਰਨ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਸਨ। ਮਾਮਲੇ ਨੂੰ ਭੜਕਦਾ ਦੇਖ ਸ਼ਨਿੱਚਰਵਾਰ ਨੂੰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਛੁੱਟੀ ਦੇ ਦਿਨ ਪੂਰੇ ਸਟਾਫ ਨੂੰ ਦਫਤਰ ਬੁਲਾਇਆ। ਦਫਤਰ 'ਚ ਤਾਇਨਾਤ ਅਧਿਕਾਰੀਆਂ ਅਤੇ ਐੱਨਐੱਚਐੱਮ ਸਟਾਫ ਨੇ ਇਕ-ਇਕ ਮੁਲਾਜ਼ਮ ਨਾਲ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਮੁਲਾਜ਼ਮਾਂ ਨੂੰ ਫਟਕਾਰ ਲਗਾਈ ਗਈ ਅਤੇ ਉਨ੍ਹਾਂ 'ਤੇ ਸੰਘਰਸ਼ ਲਈ ਉੱਠ ਰਹੀ ਅਵਾਜ ਦਬਾਉਣ ਲਈ ਦਬਾਅ ਬਣਾਇਆ ਗਿਆ। ਉਕਤ ਮਾਮਲੇ ਨੂੰ ਲੈ ਕੇ ਐੱਨਐੱਚਐੱਮ ਵਿਭਾਗ ਦੇ ਡੀਪੀਐੱਮ ਮਹੀਨੇ ਤੋਂ ਛੁੱਟੀ 'ਤੇ ਚੱਲ ਰਹੇ ਹਨ। ਮਾਮਲਾ ਐੱਨਐੱਚਐੱਮ ਮਿਸ਼ਨ ਡਾਇਰੈਕਟਰ ਤਕ ਪਹੁੰਚ ਗਿਆ ਸੀ। ਉਸਦੇ ਬਾਅਦ ਹੁਣ ਮਾਮਲੇ ਨੂੰ ਲੈ ਕੇ ਮੁਲਾਜ਼ਮਾਂ ਨੇ ਦੁਬਾਰਾ ਕੋਵਿਡ 'ਚ ਡਾਟਾ ਐਂਟਰੀ ਆਪਰੇਟਰਾਂ ਦੀਆਂ ਡਿਊਟੀਆਂ ਲਗਾਉਣ ਲਈ ਅਵਾਜ਼ ਬੁਲੰਦ ਕੀਤੀ ਹੈ। ਇਨ੍ਹਾਂ 'ਚ ਜ਼ਿਆਦਾਤਰ ਅੌਰਤਾਂ ਹਨ।